ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਪੁਲਿਸ ਦੇ ਉਚ ਅਧਿਕਾਰੀਆਂ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਣ ਲਈ ਅੱਡਾ ਟਾਂਗਰਾ ਰੇਲਵੇ ਰੋਡ ਮੋੜ ਤੇ ਨਾਕਾਬੰਦੀ ਦੌਰਾਨ ਇਕ ਰਿਵਾਲਵਰ ਅਤੇ 16 ਰੌਂਦ ਸਮੇਤ ਟਾਂਗਰਾ ਚੌਕੀ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇੰਚਾਰਜ ਚੌਂਕੀ ਟਾਂਗਰਾ ਏਐੱਸਆਈ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਜਰਨੈਲ ਸਿੰਘ, ਐੱਚਸੀ ਸ਼ੰਕਰ ਸਿੰਘ, ਸੀਟੀ ਸਰਬਜੀਤ ਸਿੰਘ ਦੇ ਅਧਾਰਿਤ ਪੁਲਿਸ ਪਾਰਟੀ ਵੱਲੋਂ ਟਾਂਗਰਾ ਤੋਂ ਰੇਲਵੇ ਰੋਡ ਜੱਬੋਵਾਲ ਮੋੜ ਤੇ ਨਾਕਾ ਲਗਾਇਆ ਹੋਇਆ ਸੀ। ਜੰਡਿਆਲਾ ਗੁਰੁੂ ਸਾਈਡ ਤੋਂ ਸਰਵਿਸ ਰੋਡ ਤੇ ਮੋਟਰ ਸਾਈਕਲ ਨੰਬਰ ਪੀਬੀ-02-ਡੀਐੱਸ-6885 ਜਿਸ ਉਪਰ ਦੋ ਨੌਜਵਾਨ ਸਵਾਰ ਸਨ, ਰੁਕਣ ਦਾ ਇਸ਼ਾਰਾ ਕਰਨ ਤੇ ਇਕਦਮ ਮੋਟਰਸਾਈਕਲ ਪਿਛੇ ਨੂੰ ਘੁਮਾ ਕੇ ਦੌੜਣ ਲੱਗੇ ਤਾਂ ਪੁਲਿਸ ਨੇ ਤੁਰੰਤ ਕਾਬੂ ਕਰ ਲਿਆ। ਤਲਾਸ਼ੀ ਕਰਨ ਤੇ ਇਨ੍ਹਾਂ ਪਾਸੋਂ ਇਕ 32 ਬੋਰ ਰਿਵਾਲਵਰ ਅਤੇ 16 ਜਿੰਦਾ ਰਾਊਂਦ ਬਰਾਮਦ ਕੀਤੇ। ਫੜੇ ਗਏ ਵਿਅਕਤੀਆਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਾਲੀਆ ਥਾਣਾ ਜੰਡਿਆਲਾ ਗੁਰੂ ਅਤੇ ਪਿਛੇ ਬੈਠੇ ਦੀ ਸੂਰਜ ਕੁਮਾਰ ਪੁੱਤਰ ਅਜੀਤ ਸਿੰਘ ਵਾਸੀ ਸੰਗਦਾਹਾ ਥਾਣਾ ਖੈਰਾ ਜਿਲ੍ਹਾ ਜਮੋਈ ਸਟੇਟ ਬਿਹਾਰ ਹਾਲ ਵਾਸੀ ਬਾਲੀਆ ਮੰਝਪੁਰ ਥਾਣਾ ਜੰਡਿਆਲਾ ਗੁਰੂੁ ਦੇ ਤੌਰ 'ਤੇ ਹੋਈ ਹੈ। ਪੁਲਿਸ ਥਾਣਾ ਤਰਸਿੱਕਾ ਵਿਖੇ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।