ਕੁਲਦੀਪ ਸੰਤੂਨੰਗਲ, ਗੁਰੂ ਕਾ ਬਾਗ

ਬੀਤੇ ਦਿਨੀਂ ਲਾਹੌਰ ਬ੍ਾਂਚ ਨਹਿਰ ਜਗਦੇਵ ਕਲਾਂ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ ਜਿਸ ਸਬੰਧੀ ਥਾਣਾ ਝੰਡੇਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਸੀ। ਥਾਣਾ ਝੰਡੇਰ ਦੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਇਸ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸਲਝਾਉਂਦਿਆਂ ਦੋ ਮੁਲਜ਼ਮਾਂ ਨੂੰ ਕਤਲ ਵਿਚ ਵਰਤੇ ਗਏ ਹਥਿਆਰਾਂ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਸਬੰਧੀ ਥਾਣਾ ਮੁਖੀ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਐੱਸਪੀ ਅੰਮਿ੍ਤਸਰ (ਦਿਹਾਤੀ) ਧਰੁਵ ਦਹੀਆ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਦੀ ਨਿਗਰਾਨੀ ਹੇਠ ਟੀਮ ਦਾ ਗਠਨ ਕਰ ਕੇ ਮਿ੍ਤਕ ਦੀ ਪਛਾਣ ਕਰਵਾਉਣੀ ਸ਼ੁਰੂ ਕਰਵਾਈ ਗਈ ਸੀ, ਜਿਸ 'ਤੇ ਮਿ੍ਤਕ ਦੀ ਪਛਾਣ ਸ਼ੰਕਰ ਵਾਸੀ ਚੌਕ ਗੁਰੂ ਕਾ ਖੂਹ, ਗਲੀ ਵਾਲਮੀਕਿ ਮੰਦਰ, ਤਰਨਤਾਰਨ ਵਜੋਂ ਹੋਈ। ਪੁਲਿਸ ਵੱਲੋਂ ਕੀਤੀ ਤਫਤੀਸ਼ ਦੌਰਾਨ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਹਰਵੰਤ ਸਿੰਘ ਵਾਸੀ ਪਿੰਡ ਹਰਦੋਪੁਤਲੀ ਥਾਣਾ ਝੰਡੇਰ ਤੇ ਗੌਰਵਦੇਵ ਗਗਨ ਕੁਮਾਰ ਵਾਸੀ ਕੱਕੜ ਥਾਣਾ ਲੋਪੋਕੇ ਨੂੰ ਗਿ੍ਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਦਾਤਰ, ਕਿਰਚ, 315 ਬੋਰ ਦਾ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਹੈ। ਹਰਵੰਤ ਸਿੰਘ ਉਰਫ਼ ਹੈਰੀ ਦੀ ਸ਼ੰਕਰ ਕੁਮਾਰ ਨਾਲ ਜਾਣ-ਪਛਾਣ ਸੀ ਅਤੇ ਉਹ ਉਸ ਨੂੰ ਮਿਲਣ ਲਈ ਅਕਸਰ ਤਰਨਤਾਰਨ ਜਾਂਦਾ ਹੁੰਦਾ ਸੀ। ਜਿੱਥੇ ਸ਼ੰਕਰ ਕੁਮਾਰ ਵੱਲੋਂ ਆਪਣੇ ਸਾਥੀਆਂ ਸਮੇਤ ਹਰਵੰਤ ਸਿੰਘ ਨੂੰ ਸੱਟਾਂ ਮਾਰੀਆਂ ਗਈਆਂ ਸਨ, ਜਿਸ ਨੂੰ ਦਿਲ ਵਿਚ ਰੱਖ ਕੇ ਹਰਵੰਤ ਸਿੰਘ ਉਰਫ਼ ਹੈਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ੰਕਰ ਕੁਮਾਰ ਦਾ ਜਗਦੇਵ ਕਲਾਂ ਨੇੜੇ ਬੀਤੀ 2 ਨਵੰਬਰ ਨੂੰ ਕਤਲ ਕਰ ਦਿੱਤਾ ਸੀ। ਇਸ ਮੌਕੇ ਸਬ ਇੰਸਪੈਕਟਰ ਕੁਲਦੀਪ ਸਿੰਘ, ਏਐੱਸਆਈ ਦਵਿੰਦਰ ਸਿੰਘ, ਏਐੱਸਆਈ ਸੁਸ਼ੀਲ ਕੁਮਾਰ, ਮੁਨਸ਼ੀ ਸੁਖਪ੍ਰਰੀਤ ਸਿੰਘ, ਕਾਂਸਟੇਬਲ ਮਨਦੀਪ ਸਿੰਘ, ਅਮਰਿੰਦਰ ਸਿੰਘ, ਕਾਂਸਟੇਬਲ ਸੁਖਬਾਜ ਸਿੰਘ, ਏਐੱਸਆਈ ਕੁਲਦੀਪ ਸਿੰਘ ਆਦਿ ਹਾਜ਼ਰ ਸਨ।