ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਲੋਹੜੀ ਵਾਲੇ ਦਿਨ ਸੜਕੀ ਅੱਤਵਾਦ ਦੀ ਭੇਟ ਉਸ ਵੇਲੇ ਦੋ ਜ਼ਿੰਦਗੀਆਂ ਚੜ੍ਹ ਗਈਆਂ ਜਦੋਂ ਕੌਮੀ ਸ਼ਾਹਰਾਹ 'ਤੇ ਜੀਪ ਤੇ ਟਰਾਲੇ ਦੀ ਭਿਆਨਕ ਟੱਕਰ ਦੌਰਾਨ ਦੋ ਵਪਾਰੀਆਂ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਤੇ ਹਾਦਸਾਗ੍ਸਤ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।

ਪ੍ਰਰਾਪਤ ਜਾਣਕਾਰੀ ਮੁਤਾਬਕ ਰਜਿੰਦਰ ਕੁਮਾਰ ਤੇ ਭਾਰਤ ਭੂਸ਼ਣ ਵਾਸੀ ਜਵਾਹਰ ਨਗਰ ਮੋਗਾ ਕੱਪੜੇ ਦਾ ਵਪਾਰ ਕਰਦੇ ਸਨ। ਬੁੱਧਵਾਰ ਨੂੰ ਦੋਵੇਂ ਜੀਪ 'ਤੇ ਸਵਾਰ ਹੋ ਕੇ ਅੰਮਿ੍ਤਸਰ ਤੋਂ ਵਾਪਸ ਮੋਗਾ ਜਾ ਰਹੇ ਸਨ ਕਿ ਪਿੰਡ ਜੌਣੇਕੇ ਨਜ਼ਦੀਕ ਖਰਾਬ ਖੜ੍ਹੇ ਟਰਾਲੇ ਦੇ ਪਿੱਛੇ ਜੀਪ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਸਵਾਰਾਂ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਦਾ ਪਤਾ ਚੱਲਦਿਆਂ ਥਾਣਾ ਚੋਹਲਾ ਸਾਹਿਬ ਦੇ ਏਐੱਸਆਈ ਸੁਖਵੰਤ ਸਿੰਘ ਪੁੱਜੇ ਤੇ ਵਾਹਨ ਕਬਜ਼ੇ ਵਿਚ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ।

ਮੌਕੇ ਦੇ ਗਵਾਹ ਨੇ ਸੰਭਾਲਿਆ ਸਾਮਾਨ, ਵਾਰਿਸਾਂ ਨੂੰ ਸੌਪਿਆ

ਜੀਪ ਦੇ ਹਾਦਸਾਗ੍ਸਤ ਹੋਣ ਤੋਂੋ ਬਾਅਦ ਹਾਦਸੇ ਵਾਲੀ ਜਗ੍ਹਾ ਨੇੜੇ ਰਹਿੰਦੇ ਹਰਵਿੰਦਰ ਸਿੰਘ ਮਰਹਾਣਾ ਨੇ ਜਿੱਥੇ ਪੁਲਿਸ ਨੂੰ ਘਟਨਾ ਬਾਰੇ ਜਾਣੰੂ ਕਰਾਇਆ ਉਥੇ ਮਿ੍ਤਕਾਂ ਦੇ ਮੋਬਾਈਲ ਰਾਹੀਂ ਉਨ੍ਹਾਂ ਦੇ ਵਾਰਿਸਾਂ ਨੂੰ ਜਾਣਕਾਰੀ ਦਿੱਤੀ। ਉਸ ਨੇ ਦੂਸਰਾ ਸ਼ਲਾਘਾਯੋਗ ਕੰਮ ਇਹ ਕੀਤਾ ਕਿ ਮਰਨ ਵਾਲਿਆਂ ਦੇ ਮੋਬਾਈਲ, ਪਰਸ, ਨਕਦੀ ਤੇ ਹੋਰ ਕਾਗਜ਼ਾਤ ਜੀਪ ਵਿੱਚੋਂ ਕੱਢ ਕੇ ਵੱਖਰੇ ਬੈਗ ਵਿਚ ਰੱਖ ਦਿੱਤੇ। ਵਾਰਿਸਾਂ ਦੇ ਪਹੁੰਚਣ ਪਿੱਛੋਂ ਪੁਲਿਸ ਦੀ ਹਾਜ਼ਰੀ ਵਿਚ ਬੈਗ ਉਨ੍ਹਾਂ ਦੇ ਹਵਾਲੇ ਕਰ ਦਿੱਤਾ।