ਪੰਜਾਬੀ ਜਾਗਰਣ ਟੀਮ, ਖੇਮਕਰਨ/ਤਰਨਤਾਰਨ : ਲੰਬੇ ਸਮੇਂ ਤੋਂ ਖ਼ੁਫ਼ੀਆ ਏਜੰਸੀਆਂ ਦੇ ਨਿਸ਼ਾਨੇ 'ਤੇ ਚੱਲ ਰਹੇ ਦੋ ਕੌਮਾਂਤਰੀ ਸਮੱਗਲਰਾਂ ਜੋਰਾ ਸਿੰਘ ਤੇ ਰਣਜੀਤ ਸਿੰਘ ਉਰਫ਼ ਰਾਣਾ ਨੂੰ ਤਰਨਤਾਰਨ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਪਾਕਿਸਤਾਨ ਤੋਂ ਮੰਗਵਾਈ 13 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਨ੍ਹਾਂ ਦਾ ਤੀਜਾ ਸਾਥੀ ਪਵਨਦੀਪ ਸਿੰਘ ਨਿਵਾਸੀ ਸਿਧਵਾਂ ਫ਼ਰਾਰ ਹੈ।

ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਇਹ ਤਿੰਨੋਂ ਪਾਕਿਸਤਾਨ 'ਚ ਬੈਠੇ ਨਸ਼ਾ ਸਮੱਗਲਰਾਂ ਨਾਲ ਰਾਬਤਾ ਕਾਇਮ ਕਰ ਕੇ ਹੈਰੋਇਨ ਦੀਆਂ ਕਈ ਖੇਪਾਂ ਮੰਗਵਾ ਚੁੱਕੇ ਹਨ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜੋਰਾ ਸਿੰਘ ਨਿਵਾਸੀ ਮੇਹੰਦੀਪੁਰ, ਰਣਜੀਤ ਸਿੰਘ ਨਿਵਾਸੀ ਹਵੇਲੀਆਂ ਤੇ ਪਵਨਦੀਪ ਤਿੰਨੋਂ ਹੀ ਬਦਨਾਮ ਸਮੱਗਲਰ ਹਨ ਤੇ ਇਨ੍ਹਾਂ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਐੱਨਡੀਪੀਐੱਸ ਐਕਟ ਦੇ ਇਕ ਮਾਮਲੇ 'ਚ 2014 'ਚ ਰਣਜੀਤ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ ਜਦਕਿ ਪਵਨਦੀਪ ਸਿੰਘ 2018 ਤੋਂ ਜ਼ਮਾਨਤ 'ਤੇ ਹ। ਜੋਰਾ ਸਿੰਘ ਵੀ ਮਾਰਚ 2020 ਤੋਂ ਜ਼ਮਾਨਤ 'ਤੇ ਹੈ। ਤਿੰਨੋਂ ਪਾਕਿਸਤਾਨ ਨਾਲ ਸਾਲਾਂ ਤੋਂ ਸਮੱਗਿਲੰਗ ਦਾ ਧੰਦਾ ਚਲਾ ਰਹੇ ਹਨ।

ਡੀਜੀਪੀ ਨੇ ਦੱਸਿਆ ਕਿ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਆਉਣ ਵਾਲੀ ਹੈ। ਜੋਰਾ ਸਿੰਘ ਤੇ ਰਣਜੀਤ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਖੇਮਕਰਨ ਸੈਕਟਰ ਬੀਓਪੀ ਰੱਤੋਕੇ ਰਾਹੀਂ ਉਨ੍ਹਾਂ ਨੇ ਹਾਲੀਆ 'ਚ ਹੈਰੋਇਨ ਦੀ ਖੇਪ ਮੰਗਵਾਈ ਹੈ। ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਐੱਸਐੱਸਪੀ ਨਿੰਬਲੇ ਨੇ ਐੱਸਪੀ ਅਮਨਦੀਪ ਸਿੰਘ ਬਰਾੜ, ਡੀਐੱਸਪੀ ਰਾਜਬੀਰ ਸਿੰਘ ਬਰਾੜ, ਥਾਣਾ ਖੇਮਕਰਨ ਦੇ ਇੰਚਾਰਜ ਤਰਸੇਮ ਮਸੀਹ ਤੇ ਬੀਐੱਸਐੱਫ ਦੇ ਕੰਪਨੀ ਕਮਾਂਡੈਂਟ ਓਮ ਪ੍ਰਕਾਸ਼ ਨਾਲ ਸੰਪਰਕ ਕਰ ਕੇ ਸਾਂਝਾ ਆਪਰੇਸ਼ਨ ਚਲਾਇਆ। ਇਸ ਦੌਰਾਨ ਟੀਮ ਨੂੰ ਖੇਮਕਰਨ ਸੈਕਟਰ 'ਚ ਜ਼ੀਰੋ ਲਾਈਨ ਨੇੜੇ ਪਲਾਸਟਿਕ ਦੀਆਂ ਲਾਲ ਰੰਗ ਦੀਆਂ ਚਾਰ ਕੈਨੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿਚ 13 ਕਿੱਲੋ ਹੈਰੋਇਨ ਸੀ।

2020 'ਚ ਪੰਜਾਬ ਸਰਹੱਦ ਤੋਂ ਫੜੀ ਗਈ 415 ਕਿੱਲੋ ਹੈਰੋਇਨ

ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਪੰਜਾਬ ਨਾਲ ਲਗਦੀ ਪਾਕਿ ਸਰਹੱਦ ਤੋਂ ਸਾਲ 2020 'ਚ ਹੁਣ ਤਕ 415 ਕਿੱਲੋ 364 ਗ੍ਰਾਮ ਹੈਰੋਇਨ ਫੜੀ ਜਾ ਚੁੱਕੀ ਹੈ। ਜਦੋਂਕਿ ਵੱਖ-ਵੱਖ ਤਰ੍ਹਾਂ ਦੇ 32 ਹਥਿਆਰ, 57 ਮੈਗਜ਼ੀਨ, 650 ਕਾਰਤੂਸ, 6 ਪਾਕਿਸਤਾਨੀ ਮੋਬਾਈਲ ਫੋਨ ਅਤੇ 10 ਪਾਕਿਸਤਾਨੀ ਸਿਮ ਕਾਰਡ ਵੀ ਬਰਾਮਦ ਕੀਤੇ ਜਾ ਚੁੱਕੇ ਹਨ।