ਜੇਐੱਨਐੱਨ, ਅੰਮਿ੍ਤਸਰ : ਪੁਲਿਸ ਥਾਣਾ ਭਿੰਡੀਸੈਦਾ ਦੇ ਅਧੀਨ ਪੈਂਦੇ ਪਿੰਡ ਕੋਟਲਾ ਦੇ ਨਜ਼ਦੀਕ ਇਕ ਸੜਕ ਹਾਦਸੇ ਵਿਚ ਪਿਓ-ਪੁੱਤਰ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਂ ਗੰਭੀਰ ਜ਼ਖ਼ਮੀ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭ ਸਿੰਘ ਪੁੱਤਰ ਕਾਲ਼ਾ ਸਿੰਘ ਵਾਸੀ ਪਿੰਡ ਛੋਟਾ ਫੱਤੇਵਾਲ ਨੇ ਦੱਸਿਆ ਦੀ ਉਸ ਦੇ ਪਿਤਾ ਕਾਲ਼ਾ ਸਿੰਘ, ਮਾਤਾ ਸੱਤੋ ਅਤੇ ਵੱਡਾ ਭਰਾ ਗੁਰਪ੍ਰਰੀਤ ਸਿੰਘ ਬਾਈਕ 'ਤੇ ਸਵਾਰ ਹੋ ਪਿੰਡ ਭਿੰਡੀਸੈਦਾ ਤੋਂ ਵਾਪਸ ਪਰਤ ਰਹੇ ਸਨ ਕਿ ਅਚਾਨਕ ਰਸਤੇ ਪਿੰਡ ਕੋਟਲਾ ਨਜ਼ਦੀਕ ਕਿਸੇ ਤੇਜ਼ ਰਫ਼ਤਾਰ ਛੋਟਾ ਹਾਥੀ ਗੱਡੀ ਨੇ ਗ਼ਲਤ ਸਾਈਡ ਤੋਂ ਆ ਕੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੇ ਪਿਤਾ ਕਾਲ਼ਾ ਸਿੰਘ ਤੇ ਭਰਾ ਗੁਰਪ੍ਰਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਤਾ ਸੱਤੋ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਪਹਿਲਾਂ ਅਜਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਹਾਲਤ ਜ਼ਿਆਦਾ ਖ਼ਰਾਬ ਹੋਣ ਦੇ ਚੱਲਦੇ ਅਜਨਾਲੇ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਗੁਰਪ੍ਰਰੀਤ ਸਿੰਘ ਨੇ ਦੱਸਿਆ ਦੀ ਉਸ ਦੇ ਵਾਰਸ ਮਜ਼ਦੂਰੀ ਦਾ ਕੰਮ ਕਰਦੇ ਹਨ ਅਤੇ ਝੋਨੇ ਦੀ ਪਨੀਰੀ ਲਗਾਉਣ ਲਈ ਭਿੰਡੀਸੈਦਾ ਪਿੰਡ ਵਿਚ ਰਿਸ਼ਤੇਦਾਰਾਂ ਨੂੰ ਬੋਲਣ ਲਈ ਗਏ ਸਨ।

ਇਸ ਸਬੰਧ ਵਿਚ ਪੁਲਿਸ ਥਾਣਾ ਭਿੰਡੀਸੈਦਾ ਦੇ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿ੍ਤਕਾਂ ਦੇ ਵਾਰਸਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਟੱਕਰ ਮਾਰਨ ਵਾਲੇ ਗੱਡੀ ਨੰਬਰ ਪੀਬੀ-06-ਐੱਮ-2653 ਨੂੰ ਕਬਜ਼ੇ ਵਿਚ ਲੈ ਲਿਆ ਹੈ, ਜਦੋਂ ਕਿ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਪਛਾਣ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।