ਫੋਟੋ-36-37

ਭਾਰਤ-ਪਾਕਿ ਵੰਡ ਦੌਰਾਨ ਵਿਛੜੇ ਭਰਾ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਹੱਥ ਹਿਲਾ ਕੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ।

---

- ਭਾਰਤ ਤੋਂ ਪਿਛਲੇ ਦਿਨੀਂ ਇਕ ਭਰਾ ਪਰਿਵਾਰ ਨੂੰ ਮਿਲਣ ਗਿਆ ਸੀ ਪਾਕਿਸਤਾਨ

- ਅਟਾਰੀ ਸਰਹੱਦ 'ਤੇ ਦੋਵਾਂ ਭਰਾਵਾਂ ਦਾ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਕੀਤਾ ਨਿੱਘਾ ਸਵਾਗਤ

---

ਰਾਜਿੰਦਰ ਸਿੰਘ ਰੂਬੀ, ਅੰਮਿ੍ਤਸਰ

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਖੁੱਲ੍ਹੇ ਲਾਂਘੇ ਰਾਹੀਂ ਪਿਛਲੇ ਸਾਲ ਦੋ ਵਿਛੜੇ ਭਰਾਵਾਂ ਦਾ ਮੇਲ ਹੋਇਆ ਸੀ। ਇਸ ਤੋਂ ਬਾਅਦ ਭਾਰਤ ਰਹਿੰਦਾ ਭਰਾ ਆਪਣੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ। ਮੰਗਲਵਾਰ ਦੋਵੇਂ ਭਰਾ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ।

ਦੱਸਣਯੋਗ ਹੈ ਕਿ ਹਬੀਬ ਉਰਫ ਸਿੱਕਾ ਖ਼ਾਨ ਦਾ ਭਰਾ ਮੁਹੰਮਦ ਸਦੀਕ ਤੇ ਉਸ ਦੇ ਪਰਿਵਾਰਕ ਮੈਂਬਰ ਪਾਕਿਸਤਾਨ 'ਚ ਰਹਿੰਦੇ ਹਨ। ਹਬੀਬ ਉਨ੍ਹਾਂ ਨੂੰ ਮਿਲਣ ਲਈ ਪਿਛਲੇ ਦਿਨੀਂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਤੋਂ ਪਾਕਿਸਤਾਨ ਗਿਆ ਸੀ। ਉਸ ਨੇ ਫ਼ੈਸਲਾਬਾਦ ਵਿਖੇ ਆਪਣੇ ਵਿਛੜੇ ਪਰਿਵਾਰ ਨਾਲ ਕੁਝ ਦਿਨ ਬਿਤਾਏ। ਹਬੀਬ ਨੇ ਪਾਕਿਸਤਾਨ ਸਥਿਤ ਪਾਕਿਸਤਾਨੀ ਦੂਤਘਰ ਕੋਲੋਂ ਉੱਥੇ ਰਹਿੰਦੇ ਆਪਣੇ ਭਰਾ ਨੂੰ ਭਾਰਤ ਲਿਜਾਣ ਲਈ ਵੀਜ਼ਾ ਮੰਗਿਆ ਸੀ, ਜਿਸ ਨੂੰ ਭਾਰਤ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਕਬੂਲ ਕਰਦਿਆਂ ਵੀਜ਼ਾ ਦਿੱਤਾ ਹੈ।

ਲਹਿੰਦੇ ਪੰਜਾਬ ਦੇ ਖੋਜਕਾਰ ਨਾਸਰ ਿਢੱਲੋਂ ਤੇ ਭੁਪਿੰਦਰ ਸਿੰਘ ਲਵਲੀ ਸ੍ਰੀ ਨਨਕਾਣਾ ਸਾਹਿਬ ਨੇ ਦੋਵਾਂ ਭਰਾਵਾਂ ਨੂੰ ਮਿਲਾਇਆ। ਉਨ੍ਹਾਂ ਨੇ ਦੋਵਾਂ ਭਰਾਵਾਂ ਨੂੰ ਪਾਕਿਸਤਾਨ ਤੋਂ ਭਾਰਤ ਆਉਣ ਸਮੇਂ ਲਾਹੌਰ ਤੋਂ ਖ਼ਰੀਦਦਾਰੀ ਕਰਵਾ ਕੇ ਭਾਰਤ ਲਈ ਰਵਾਨਾ ਕੀਤਾ। ਮੰਗਲਵਾਰ ਨੂੰ ਦੋਵਾਂ ਭਰਾਵਾਂ ਦੇ ਪਿੰਡ ਪੁੱਜਣ 'ਤੇ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਭਾਰਤ ਪੁੱਜਣ 'ਤੇ ਮੁਹੰਮਦ ਸਦੀਕ ਤੇ ਹਬੀਬ ਉਰਫ ਸਿੱਕਾ ਖ਼ਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ 1947 ਦੀ ਵੰਡ ਵੇਲੇ ਨਾਨਕੇ ਪਿੰਡ ਜਾਣ ਕਰ ਕੇ ਪਰਿਵਾਰ ਦੇ ਸਾਰੇ ਮੈਂਬਰ ਇਕ-ਦੂਜੇ ਤੋਂ ਵਿਛੜ ਗਏ ਸਨ ਤੇ 72-73 ਸਾਲ ਤਕ ਕਿਸੇ ਦਾ ਕੋਈ ਥਹੁ-ਪਤਾ ਨਾ ਲੱਗਾ। ਸਦੀਕ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਖੋਜਕਾਰ ਪੰਜਾਬੀ ਲਹਿਰ ਦੇ ਸੰਚਾਲਕ ਨਾਸਰ ਿਢੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਪਿੰਡ ਚੱਕ 255 ਭੋਗਣਾ ਜ਼ਿਲ੍ਹਾ ਫ਼ੈਸਲਾਬਾਦ ਵਿਖੇ ਆ ਕੇ ਉਸ ਦੀ ਇੰਟਰਵਿਊ ਲਈ। ਇਸ ਤੋਂ ਬਾਅਦ ਉਨ੍ਹਾਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜਿਸ 'ਚ ਉਸ ਦੇ ਵਿਛੜੇ ਭਰਾ ਦਾ ਜ਼ਿਕਰ ਕੀਤਾ ਗਿਆ ਸੀ ਤੇ ਆਪਣਾ ਪਿੰਡ ਚੜ੍ਹਦੇ ਪੰਜਾਬ ਦਾ ਪਿੰਡ ਫੁੱਲੇਵਾਲਾ ਜ਼ਿਲ੍ਹਾ ਬਠਿੰਡਾ ਦੱਸਿਆ ਗਿਆ ਸੀ। ਇਸ ਵੀਡੀਓ ਨੂੰ ਵੇਖਦੇ ਹੋਏ ਫੁੱਲੇਵਾਲਾ ਪਿੰਡ ਦੇ ਲੋਕਾਂ ਵੱਲੋਂ ਵੀਡੀਓ ਬਣਾਉਣ ਵਾਲੇ ਨਾਸਰ ਿਢੱਲੋਂ ਤੇ ਭੁਪਿੰਦਰ ਸਿੰਘ ਲਵਲੀ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਤੋਂ ਬਾਅਦ ਦੋਵਾਂ ਭਰਾਵਾਂ ਦੀ ਇਕ-ਦੂਜੇ ਨਾਲ ਟੈਲੀਫੋਨ 'ਤੇ ਗੱਲਬਾਤ ਕਰਵਾਈ ਗਈ।

ਮੁਹੰਮਦ ਸਦੀਕ 45 ਦਿਨਾਂ ਦਾ ਵੀਜ਼ਾ ਲਗਵਾ ਕੇ ਮੰਗਲਵਾਰ ਨੂੰ ਭਾਰਤ ਪੁੱਜਣ 'ਤੇ ਬੇਹੱਦ ਖ਼ੁਸ਼ ਹੈ। ਅਟਾਰੀ ਸਰਹੱਦ ਤੋਂ ਦੋਵਾਂ ਭਰਾਵਾਂ ਨੂੰ ਲਿਜਾਣ ਲਈ ਫੁੱਲੇਵਾਲਾ ਪਿੰਡ ਦੇ ਲੋਕ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ।