ਅੰਮਿ੍ਤਸਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਢਾਈ ਸਾਲਾ ਬੱਚੀ ਦਾ ਕਤਲ ਕਰਨ ਵਾਲੇ ਅਪਰਾਧੀ ਨੂੰ ਉਮਰ ਕੈਦ ਤੇ 10 ਹਜ਼ਾਰ ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਹੈ।

ਜਾਣਕਾਰੀ ਮੁਤਾਬਕ ਮੋਹਕਮਪੁਰਾ ਥਾਣਾ ਦੀ ਪੁਲਿਸ ਨੇ 22 ਫਰਵਰੀ 2016 ਨੂੰ ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਲੋਪੋਕੇ ਥਾਣਾ ਵਿਚ ਪੈਂਦੇ ਭੰਗੂ ਪਿੰਡ ਦੇ ਵਸਨੀਕ ਸੁਲੱਖਣ ਸਿੰਘ ਵਿਰੁੱਧ ਉਨ੍ਹਾਂ ਦੀ ਪੋਤੀ ਸੁਮਨ ਦੇ ਕਤਲ ਦਾ ਮਾਮਲਾ ਦਰਜ ਕੀਤਾ ਸੀ।

ਐੱਫਆਈਆਰ ਮੁਤਾਬਕ ਘਟਨਾ ਤੋਂ ਕੁਝ ਦਿਨ ਪਹਿਲਾਂ ਸੁਲੱਖਣ ਮੋਹਕਮਪੁਰਾ ਵਿਚ ਕਿਰਾਏ 'ਤੇ ਰਹਿਣ ਆਇਆ ਸੀ। ਦੋਸ਼ੀ ਸੁਲੱਖਣ ਦਾ ਗੁਆਂਢੀਆਂ ਨਾਲ ਝਗੜਾ ਹੁੰਦਾ ਰਹਿੰਦਾ ਸੀ। ਇਸ ਕਾਰਨ ਉਸ ਨੇ ਯੋਜਨਾ ਬਣਾਈ ਕਿ ਬਲਵਿੰਦਰ ਸਿੰਘ ਦੀ ਢਾਈ ਸਾਲਾ ਪੋਤੀ ਸੁਮਨ ਦਾ ਕਤਲ ਕਰ ਦੇਵੇਗਾ ਤਾਂ ਜੋ ਗੁਆਂਢੀਆਂ ਦਾ ਨਾਂ ਲੱਗ ਜਾਵੇ।

ਘਟਨਾ ਵਾਲੇ ਦਿਨ ਸੁਲੱਖਣ ਨੇ ਮੌਕਾ ਵੇਖ ਕੇ ਰਸਤੇ ਵਿਚ ਖੇਡਦੀ ਪਈ ਸੁਮਨ ਨੂੰ ਫੜ ਕੇ ਪੱਥਰ 'ਤੇ ਪਟਕਾ ਕੇ ਮਾਰਿਆ। ਇਸ ਕਾਰਨ ਮੌਕੇ 'ਤੇ ਬੱਚੀ ਦੀ ਮੌਤ ਹੋ ਗਈ। ਮੁਢਲੀ ਜਾਂਚ ਵਿਚ ਸੁਲੱਖਣ ਨੇ ਝੂਠੀ ਕਹਾਣੀ ਬਣਾ ਕੇ ਗੁਆਂਢੀਆਂ 'ਤੇ ਕਤਲ ਦੇ ਮਾਮਲੇ ਵਿਚ ਫਸਾਉਣ ਦਾ ਯਤਨ ਕੀਤਾ ਪਰ ਕੁਝ ਦੇਰ ਬਾਅਦ ਪੁਲਿਸ ਦੇ ਸ਼ੱਕ ਦੀ ਸੂਈ ਸੁਲੱਖਣ ਵੱਲ ਘੁੰਮੀ ਤਾਂ ਉਸ ਨੂੁੰ ਨਾਮਜ਼ਦ ਕਰ ਲਿਆ ਗਿਆ ਸੀ।