ਜਸਪਾਲ ਸਿੰਘ ਜੱਸੀ, ਤਰਨਤਾਰਨ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ੍ਰੀ ਕਰਤਾਰਪੁਰ ਸਾਹਿਬ 'ਚ ਜਿਹੜੀ ਸੋਨੀ ਦੀ ਪਾਲਕੀ ਸਾਹਿਬ ਸੁਸ਼ੋਭਿਤ ਕੀਤੀ ਜਾਣੀ ਹੈ, ਢਾਈ ਕੁਇੰਟਲ ਵਜ਼ਨੀ ਇਹ ਸੁਨਹਿਰੀ ਪਾਲਕੀ ਸਾਹਿਬ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਰਵਾਨਾ ਹੋਣ ਵਾਲੇ ਨਗਰ ਕੀਰਤਨ 'ਚ ਪਾਕਿਸਤਾਨ ਪੁੱਜੇਗੀ। ਪਾਲਕੀ ਸਾਹਿਬ ਲਈ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ। ਸ਼ੁੱਕਰਵਾਰ ਨੂੰ ਪਾਲਕੀ ਸਾਹਿਬ ਨੂੰ ਤਰਨਤਾਰਨ ਤੋਂ ਦਿੱਲੀ ਲਈ ਰਵਾਨਾ ਕੀਤਾ ਗਿਆ। ਅਟਾਰੀ ਬਾਰਡਰ ਰਾਹੀਂ ਪਾਲਕੀ ਸਾਹਿਬ ਪਾਕਿਸਤਾਨ ਜਾਵੇਗੀ। ਕਾਰ ਸੇਵਾ ਸੰਪ੍ਰਦਾਇ ਦੇ ਮੁਖੀ ਬਾਬਾ ਜਗਤਾਰ ਸਿੰਘ ਦੀ ਦੇਖਰੇਖ 'ਚ ਇਹ ਪਾਲਕੀ ਡੇਢ ਮਹੀਨਾ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਗਈ ਸੀ। ਅੰਮਿ੍ਤਸਰ ਤੇ ਬਨਾਰਸ ਨਾਲ ਸਬੰਧਤ ਇਕ ਦਰਜ਼ਨ ਕਾਰੀਗਰਾਂ ਨੇ ਪਾਲਕੀ ਨੂੰ ਤਿਆਰ ਕਰਨ ਲਈ ਦਿਨ-ਰਾਤ ਇਕ ਕੀਤਾ ਸੀ। ਪਾਲਕੀ ਸਾਹਿਬ 'ਤੇ ਚੰਦਨ ਦੀ ਲੱਕੜ ਨਾਲ ਤਾਂਬੇ ਦੀ ਮੀਨਾਕਾਰੀ ਕੀਤੀ ਗਈ ਹੈ। ਕਰੀਬ ਢਾਈ ਕੁਇੰਟਲ ਦੀ ਇਸ ਸੋਨੇ ਦੀ ਪਾਲਕੀ ਨੂੰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹੈੱਡ ਗ੍ੰਥੀ ਗਿਆਨੀ ਸੁਖਜਿੰਦਰ ਸਿੰਘ ਨੇ ਅਰਦਾਸ ਉਪਰੰਤ ਰਵਾਨਾ ਕੀਤਾ। ਇਸ ਮੌਕੇ ਬਾਬਾ ਜਗਤਾਰ ਸਿੰਘ, ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਬਣਾਈ ਗਈ ਪਾਲਕੀ ਸਾਹਿਬ ਨੂੰ 28 ਅਕਤੂਬਰ ਨੂੰ ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ। ਗੁਰਦੁਆਰਾ ਨਾਨਕ ਪਿਆਓ ਤੋਂ ਪਾਕਿਸਤਾਨ ਰਵਾਨਾ ਹੋਣ ਵਾਲੇ ਨਗਰ ਕੀਰਤਨ 'ਚ ਪਾਲਕੀ ਸ਼ਾਮਲ ਹੋਵੇਗੀ। ਪਾਲਕੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਲਵਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ 'ਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ 2006 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ 400 ਸਾਲਾ ਸ਼ਹੀਦੀ ਦਿਹਾੜੇ ਮੌਕੇ ਬਾਬਾ ਜਗਤਾਰ ਸਿੰਘ ਵੱਲੋਂ ਸੋਨੇ ਦੀ ਪਾਲਕੀ ਤਿਆਰ ਕਰਵਾਈ ਗਈ ਸੀ। ਉਸ ਸਮੇਂ ਪਾਲਕੀ ਸਾਹਿਬ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਗਏ ਸਨ।

ਇਨ੍ਹਾਂ ਥਾਵਾਂ ਤੋਂ ਲੰਘੇਗਾ ਨਗਰ ਕੀਰਤਨ

ਗੁਰਦੁਆਰਾ ਨਾਨਕ ਪਿਆਓ ਦਿੱਲੀ ਤੋਂ 28 ਅਕਤੂਬਰ ਨੂੰ ਨਗਰ ਕੀਰਤਨ ਰਾਤ ਲੁਧਿਆਣਾ 'ਚ ਵਿਸ਼ਰਾਮ ਕਰੇਗਾ। 29 ਅਕਤੂਬਰ ਨੂੰ ਲੁਧਿਆਣਾ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੁੱਜੇਗਾ। 30 ਅਕਤੂਬਰ ਨੂੰ ਤਲਵੰਡੀ ਚੌਧਰੀਆਂ ਮੌੜ ਮੰਡੀ, ਗੋਇੰਦਵਾਲ ਸਾਹਿਬ, ਫਤਿਆਬਾਦ, ਖਡੂਰ ਸਾਹਿਬ, ਨੌਰੰਗਾਬਾਦ, ਮਾਨਾਵਾਲਾ, ਗੋਲਡਨ ਗੇਟ ਤੋਂ ਬਾਅਦ ਰਾਤ ਅੰਮਿ੍ਤਸਰ 'ਚ ਵਿਸ਼ਰਾਮ ਕਰੇਗਾ। 31 ਅਕਤੂਬਰ ਨੂੰ ਅੰਮਿ੍ਤਸਰ ਤੋਂ ਰਵਾਨਾ ਹੋ ਕੇ ਅਟਾਰੀ-ਬਾਘਾ ਬਾਰਡਰ ਜ਼ਰੀਏ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪੁੱਜੇਗਾ।