ਜੇਐੱਨਐੱਨ, ਬਿਆਸ : ਕੋਰੋਨਾ ਵਾਇਰਸ ਕਾਰਨ ਭਾਰਤ 'ਚ ਸਭ ਤੋਂ ਜ਼ਿਆਦਾ ਪੀੜਤ ਸੂਬੇ ਮਹਾਰਾਸ਼ਟਰ ਤੋਂ ਪੰਜਾਬ ਦੇ 40 ਲੋਕਾਂ ਨੂੰ ਇਕ ਟਰੱਕ 'ਚ ਲਿਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਿਆਸ ਤੇ ਰਈਆ ਦੇ ਆਸਪਾਸ ਲਗਪਗ ਦਰਜਨ ਵਿਅਕਤੀ ਬੀਤੇ ਦਿਨ ਇਸ ਟਰੱਕ 'ਚ ਵਾਪਸ ਆਪਣੇ ਘਰਾਂ ਤਕ ਪਹੁੰਚੇ। ਸੋਮਵਾਰ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ 'ਚ ਇਨ੍ਹਾਂ ਲੋਕਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ।

ਬਿਆਸ ਦੇ ਸਾਵਨ ਸਿੰਘ ਨਗਰ ਦੇ ਤਿੰਨ, ਰਈਆ ਦੇ ਪੰਜ ਤੇ ਆਸਪਾਸ ਦੇ ਇਲਾਕੇ ਦੇ ਕੁਲ 25 ਲੋਕਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ ਤੇ ਸਾਰਿਆਂ ਨੂੰ ਉਨ੍ਹਾਂ ਦੇ ਘਰਾਂ 'ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਸਾਵਨ ਸਿੰਘ ਨਗਰ 'ਚ ਰਹਿਣ ਵਾਲੇ ਤਿੰਨ ਵਿਅਕਤੀਆਂ ਨੇ ਦੱਸਿਆ ਕਿ ਟਰੱਕ ਚਾਲਕ ਨੇ ਉਨ੍ਹਾਂ ਤੋਂ ਪ੍ਰਤੀ ਵਿਅਕਤੀ ਤਿੰਨ ਹਜ਼ਾਰ ਰੁਪਏ ਲੈਣ ਦੀ ਗੱਲ ਕਹੀ ਸੀ। ਰਸਤੇ 'ਚ ਪੁਲਿਸ ਨਾਕਿਆਂ 'ਤੇ ਕਈ ਵਾਰ ਟਰੱਕ ਨੂੰ ਰੋਕਿਆ ਗਿਆ ਪਰ ਟਰੱਕ ਚਾਲਕ ਨੇ ਖ਼ੁਦ ਹੀ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਤੇ ਟਰੱਕ 'ਚ ਪਿੱਛੇ ਬੈਠੇ ਵਿਅਕਤੀਆਂ ਨੂੰ ਚੈੱਕ ਕਰਨ ਲਈ ਕੋਈ ਵੀ ਪੁਲਿਸ ਵਾਲਾ ਨਹੀਂ ਆਇਆ। ਉਨ੍ਹਾਂ ਕਿਹਾ ਕਿ ਟਰੱਕ ਚਾਲਕ ਪੁਲਿਸ ਵਾਲਿਆਂ ਦੀ ਮੁੱਠੀ ਗਰਮ ਕਰ ਕੇ ਅੱਗੇ ਨਿਕਲ ਜਾਂਦਾ ਸੀ।

ਸ਼ਿਵ ਸੈਨਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਅੰਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਟਰੱਕ ਜਿਸ ਦਾ ਨੰਬਰ ਐੱਮਐੱਚ-05, ਏਐੱਮ-4444 ਹੈ, 'ਚ ਲਗਪਗ 40 ਵਿਅਕਤੀ ਮਹਾਰਾਸ਼ਟਰ ਤੋਂ ਪੰਜਾਬ ਆ ਰਹੇ ਹਨ। ਅਸੀਂ ਜਦੋਂ ਉਕਤ ਟਰੱਕ ਦੇ ਚਾਲਕ ਜੋ ਕਿ ਬਿਆਸ 'ਚ ਉਕਤ ਵਿਅਕਤੀਆਂ ਨੂੰ ਉਤਾਰ ਰਿਹਾ ਸੀ, ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਟਰੱਕ ਭਜਾ ਲਿਆ। ਇਸ ਤੋਂ ਬਾਅਦ ਅਸੀਂ ਟਰੱਕ 'ਚੋਂ ਉਤਰੇ ਤਿੰਨ ਲੋਕਾਂ ਨੂੰ ਪੁਲਿਸ ਥਾਣ ਬਿਆਸ ਭੇਜਿਆ, ਜਿੱਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਭੇਜ ਦਿੱਤਾ ਗਿਆ।

ਅੰਬਾ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ 'ਚ ਬਹੁਤ ਢਿੱਲੀ ਕਾਰਗੁਜ਼ਾਰੀ ਕੀਤੀ। ਥਾਣਾ ਬਿਆਸ ਦੇ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਇਸ ਟਰੱਕ ਨੂੰ ਲੱਭ ਕੇ ਇਸ ਦੇ ਚਾਲਕ ਖ਼ਿਲਾਫ਼ ਕਾਰਵਾਈ ਕਰਦੇ ਪਰ ਪੁਲਿਸ ਨੇ ਸਿਰਫ ਥਾਣਾ ਪਹੁੰਚੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਭੇਜਣ ਤੋਂ ਇਲਾਵਾ ਕੋਈ ਕਾਰਵਾਈ ਨਹੀਂ ਕੀਤੀ।

ਐੱਸਐੱਮਓ ਬਾਬਾ ਬਕਾਲਾ ਡਾ. ਅਜੇ ਭਾਟੀਆ ਨੇ ਨਵਦੀਪ ਚੀਮਾ ਨੇ ਦੱਸਿਆ ਕਿ 25 ਵਿਅਕਤੀਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ। ਇਨ੍ਹਾਂ ਲੋਕਾਂ ਦੇ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਘਰਾਂ 'ਚ ਹੀ ਇਕਾਂਤਵਾਸ ਦੀ ਤਾਕੀਦ ਕੀਤੀ ਗਈ ਹੈ।