ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਉੱਤਰੀ ਭਾਰਤ ਦੀ ਸਭ ਤੋਂ ਵੱਡੀ ਅਤੇ ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਝੀਲ 'ਚ ਸਰਦ ਰੁੱਤ ਦੇ ਮਹਿਮਾਨ ਪੰਛੀਆਂ ਦੀ ਆਮਦ ਤੋਂ ਬਾਅਦ ਸੈਲਾਨੀਆਂ ਅਤੇ ਵਾਤਾਵਰਨ ਪ੍ਰਰੇਮੀਆਂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਖੋਜਕਰਤਾ ਵਿਗਿਆਨੀਆਂ ਦਾ ਆਉਣਾ ਜਾਣਾ ਆਰੰਭ ਹੋ ਚੁੱਕਾ ਹੈ। ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਵੱਲੋਂ ਇਨ੍ਹਾਂ ਨੂੰ ਮੁਫ਼ਤ ਪਾਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਰ ਸਾਲ ਯੂਰਪੀਨ ਝੀਲਾਂ ਦਾ ਪਾਣੀ ਜੰਮ ਜਾਣ ਕਰ ਕੇ ਵੱਖ-ਵੱਖ ਦੇਸ਼ਾਂ ਤੋਂ ਇਕ ਲੱਖ ਤੋਂ ਵੱਧ ਪੰਛੀ 86 ਵਰਗ ਕਿਲੋਮੀਟਰ 'ਚ ਫੈਲੀ ਹਰੀਕੇ ਪੱਤਣ ਝੀਲ ਦੀ ਕੁਦਰਤੀ ਸੁੰਦਰਤਾ ਨੂੰ ਚਾਰ ਚੰਨ੍ਹ ਲਾਉਂਦੇ ਹਨ। ਇਸ ਤੋਂ ਇਲਾਵਾ ਬੀਤੇ ਵਰ੍ਹੇ ਦਿਖਾਈ ਦੇਣ ਵਾਲਾ 'ਨਕਟਾ' ਨਾਂ ਦਾ ਪੰਛੀ ਇਸ ਸਾਲ ਵਿਖਾਈ ਨਹੀਂ ਦਿੱਤਾ। ਇਸ ਦੇ ਉਲਟ ਇਸ ਸਾਲ ਵੱਡੀ ਗਿਣਤੀ 'ਚ ਨਵੀਆਂ ਕਿਸਮਾਂ ਦੇ ਪੰਛੀਆਂ ਦੀ ਆਮਦ ਦਰਜ ਕੀਤੀ ਜਾ ਰਹੀ ਹੈ। ਗੱਲ ਕਰੀਏ ਜੇਕਰ ਵਿਭਾਗੀ ਤਿਆਰੀਆਂ ਦੀ ਤਾਂ ਡਵੀਜ਼ਨਲ ਜੰਗਲਾਤ ਅਫ਼ਸਰ ਕਲਪਨਾ ਅਨੁਸਾਰ ਪੰਛੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਦਿਨ ਰਾਤ ਗਸ਼ਤ ਕੀਤੀ ਜਾ ਰਹੀ ਹੈ। ਸੈਲਾਨੀਆਂ ਦੀ ਆਮਦ ਦੇ ਮੱਦੇਨਜ਼ਰ ਆਉਣ ਵਾਲੇ ਲੋਕਾਂ ਨੂੰ ਝੀਲ ਅਤੇ ਪੰਛੀਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਡਬਲਿਊਡਬਲਿਊਐੱਫ ਦੀ ਖੋਜਕਰਤਾ ਗੀਤਾਂਜਲੀ ਕੰਵਰ ਦਾ ਕਹਿਣਾ ਹੈ ਕਿ ਮਹਿਮਾਨ ਪੰਛੀਆਂ ਨੂੰ ਸਾਫ-ਸੁਥਰਾ ਅਤੇ ਸ਼ਾਂਤ ਵਾਤਾਵਰਨ ਦੇਣ ਲਈ ਖੋਜ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਪੰਛੀਆਂ ਦੀ ਰਿਕਾਰਡ ਆਮਦ ਹੋਵੇਗੀ।