ਜੇਐਨਐਨ, ਅੰਮ੍ਰਿਤਸਰ : ਟੋਕੀਓ ਓਲੰਪਿਕਸ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ। ਦੋਵੇਂ ਟੀਮਾਂ ਸੈਮੀਫਾਈਨਲ ਵਿਚ ਹਾਰ ਗਈਆਂ ਸਨ। ਭਾਰਤੀ ਪੁਰਸ਼ ਟੀਮ ਵਿੱਚ ਪੰਜਾਬ ਦੇ ਪੰਜ ਖਿਡਾਰੀਆਂ ਸਿਮਰਨਜੀਤ, ਹਾਰਦਿਕ, ਹਰਮਨਪ੍ਰੀਤ, ਰੁਪਿੰਦਰ ਪਾਲ ਸਿੰਘ, ਗੁਰਜੰਟ ਨੇ ਭਾਗ ਲਿਆ। ਭਾਰਤੀ ਟੀਮ ਦੇ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ, ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਵੱਲੋਂ ਵੀਡੀਓ ਕਾਲ ਰਾਹੀਂ ਜਿੱਤ ਦੀ ਖੁਸ਼ੀ ਜ਼ਾਹਰ ਕੀਤੀ।

ਇਸ ਜਿੱਤ ਨਾਲ ਪੰਜਾਬ ਵਿੱਚ ਜਸ਼ਨ ਦਾ ਮਾਹੌਲ ਹੈ। ਜਿਵੇਂ ਹੀ ਭਾਰਤੀ ਖਿਡਾਰੀ ਗੋਲ ਕਰਦੇ ਰਹੇ, ਸਾਰੇ ਚੱਕ ਦੇ ਇੰਡੀਆ ਦੇ ਨਾਅਰੇ ਲਗਾ ਕੇ ਆਪਣੀ ਖੁਸ਼ੀ ਜ਼ਾਹਰ ਕਰਦੇ ਰਹੇ। ਗੁਰਜੰਟ ਦੇ ਘਰ ਉਸ ਦੇ ਭਰਾ ਹਰਚਰਨ ਸਿੰਘ, ਪਿਤਾ ਬਲਦੇਵ ਸਿੰਘ, ਚਾਚਾ ਹਰਜਿੰਦਰ ਸਿੰਘ, ਦਾਦਾ ਮਹਿੰਦਰ ਸਿੰਘ, ਭਰਾ ਪਲਵਿੰਦਰ ਸਿੰਘ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਬਾ ਦੀਦਾਰ ਸਿੰਘ, ਮਾਂ ਸੁਖਜਿੰਦਰ ਕੌਰ, ਭੈਣ ਗੁਰਪ੍ਰੀਤ ਕੌਰ, ਤਾਈ ਅਮਰਜੀਤ ਕੌਰ, ਚਾਚੀ ਸੰਦੀਪ ਕੌਰ ਆਦਿ ਮੌਜੂਦ ਰਹੇ।

ਹਾਕੀ ਖਿਡਾਰੀ ਗੁਰਜੰਟ ਸਿੰਘ ਦੇ ਘਰ ਲਗਭਗ 41 ਸਾਲਾਂ ਬਾਅਦ ਭਾਰਤੀ ਹਾਕੀ ਟੀਮ ਨੇ ਓਲੰਪਿਕ ਵਿੱਚ 5-4 ਦੇ ਫਰਕ ਨਾਲ ਮੈਚ ਜਿੱਤਣ ਦਾ ਜਸ਼ਨ ਮਨਾਇਆ। ਪਿਤਾ ਬਲਦੇਵ ਸਿੰਘ, ਸੁਖਜਿੰਦਰ ਕੌਰ ਅਤੇ ਭੈਣ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਨਾਲ ਨਾਲ ਪੂਰੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਸਾਰਾ ਦਿਨ ਘਰ ਵਿੱਚ ਜਸ਼ਨ ਰਹੇਗਾ ਅਤੇ ਉਨ੍ਹਾਂ ਨੂੰ ਵਿਆਹ ਨਾਲੋਂ ਜ਼ਿਆਦਾ ਖੁਸ਼ੀਆਂ ਮਿਲ ਰਹੀਆਂ ਹਨ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਗੁਰਜੰਟ ਸਿੰਘ ਦਾ ਜਨਮ ਹੋਇਆ ਸੀ ਤਾਂ ਘਰ ਵਿਚ ਜਸ਼ਨ ਦਾ ਮਾਹੌਲ ਸੀ। ਉਸ ਦਿਨ ਦੀ ਤਰ੍ਹਾਂ ਹੀ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੈ। ਹਰ ਕੋਈ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਿਹਾ ਹੈ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਵਧਾਈ ਦੇ ਫੋਨ ਆ ਰਹੇ ਹਨ। ਗੁਰਜੰਟ ਦੇ ਪਿਤਾ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਚੌਥੀ ਕਲਾਸ ਤੋਂ ਹਾਕੀ ਦਾ ਸਫਰ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਵਿਸ਼ਵ ਪੱਧਰ 'ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਿਹਾ ਹੈ।ਬਲਦੇਵ ਸਿੰਘ ਨੇ ਕਿਹਾ ਕਿ ਉਹ ਖ਼ੁਦ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿਉਂਕਿ ਰੱਬ ਦੀ ਦਇਆ ਨਾਲ ਅੱਜ ਭਾਰਤ ਨੂੰ ਜਿੱਤਣ ਦਾ ਮੌਕਾ ਮਿਲਿਆ ਹੈ।

Posted By: Tejinder Thind