ਜੇਐੱਨਐੱਨ, ਅੰਮ੍ਰਿਤਸਰ : Tokyo Olympics 2020 : ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਚੈਂਪੀਅਨ ਰਹੀ ਆਸਟਰੇਲੀਆ ਦੀ ਟੀਮ ਨੂੰ ਟੋਕੀਓ ਓਲੰਪਿਕ 'ਚ ਹਰਾ ਕੇ ਪਹਿਲੀ ਵਾਰ ਸੈਮੀਫਾਈਨਲ 'ਚ ਕਦਮ ਰੱਖਦੇ ਹੋਏ ਇਤਿਹਾਸ ਰਚ ਦਿੱਤਾ। ਭਾਰਤੀ ਮਹਿਲਾ ਹਾਕੀ ਟੀਮ ਦੇ ਓਲੰਪਿਕ ਦੇ ਸੈਮੀਫਾਈਨਲ 'ਚ ਪਹੁੰਚਣ 'ਤੇ ਪੰਜਾਬ 'ਚ ਜਸ਼ਨ ਦਾ ਮਾਹੌਲ ਹੈ। ਸਿਰਫ਼ ਇਕ ਗੋਲ ਕਰਨ ਵਾਲੀ ਅੰਮ੍ਰਿਤਸਰ ਦੇ ਮਨਿਆਦੀ ਕਲਾਂ ਪਿੰਡ ਦੀ ਗੁਰਜੀਤ ਕੌਰ ਜਿੱਤ ਦੀ ਹੀਰੋ ਬਣੀ ਹੈ। ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਓਲੰਪਿਕ 'ਚ ਗਏ ਬੱਚਿਆਂ ਲਈ ਹਰ ਰੋਜ਼ ਵਾਹੇਗੁਰੂ ਕੋਲ ਅਰਦਾਸ ਕਰਦੇ ਰਹੇ ਹਨ ਤਾਂ ਜੋ ਉਨ੍ਹਾਂ ਦੇ ਦੇਸ਼ ਦੀ ਝੋਲੀ ਵਿਚ ਮੈਡਲ ਪਾ ਸਕਣ। ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪਿੰਡ ਵਾਲਿਆਂ 'ਚ ਖੁਸ਼ੀ ਦੀ ਲਹਿਰ ਹੈ। ਭਾਰਤੀ ਮਹਿਲਾ ਟੀਮ ਦੀ ਜਿੱਤ ਦਾ ਸਿਹਰਾ ਵੀ ਅੰਮ੍ਰਿਤਸਰ ਦੇ ਪਿੰਡ ਮਿਆਦੀ ਕਲਾਂ 'ਚ ਪੈਦਾ ਹੋਈ ਗੁਰਜੀਤ ਕੌਰ ਨੂੰ ਹੀ ਜਾਂਦਾ ਹੈ। ਗੁਰਜੀਤ ਕੌਰ ਦੇ ਪਰਿਵਾਰ ਦਾ ਹਾਕੀ ਨਾਲ ਕੁਝ ਲੈਣਾ-ਦੇਣਾ ਨਹੀਂ ਸੀ। ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਲਈ ਗੁਰਜੀਤ ਕੌਰ ਦੀ ਪੜ੍ਹਾਈ ਹੀ ਸਭ ਤੋਂ ਪਹਿਲਾਂ ਸੀ। ਗੁਰਜੀਤ ਕੌਰ ਤੇ ਉਸ ਦੀ ਭੈਣ ਪਰਦੀਪ ਕੌਰ ਨੇ ਮੁੱਢਲੀ ਸਿੱਖਿਆ ਪਿੰਡ ਦੇ ਇਕ ਨਿੱਜੀ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਤਰਨਤਾਰਨ ਦੇ ਪਿੰਡ ਕੈਰੋਂ 'ਚ ਪੜ੍ਹਨ ਚਲੀਆਂ ਗਈਆਂ। ਇੱਥੇ ਉਨ੍ਹਾਂ ਦਾ ਹਾਕੀ ਪ੍ਰਤੀ ਲਗਾਓ ਆਰੰਭ ਹੋ ਗਿਆ। ਉਹ ਲੜਕੀਆਂ ਨੂੰ ਹਾਕੀ ਖੇਡਦਿਆਂ ਵੇਖ ਕੇ ਪ੍ਰਭਾਵਿਤ ਹੋਈਆਂ ਤੇ ਇਸ ਖੇਡ 'ਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ। ਦੋਵਾਂ ਭੈਣਾਂ ਨੇ ਛੇਤੀ ਹੀ ਇਸ ਖੇਡ ਵਿਚ ਮੁਹਾਰਤ ਹਾਸਲ ਕਰ ਲਈ ਤੇ ਵਜ਼ੀਫ਼ਾ ਹਾਸਲ ਕਰ ਕੇ ਮੁਫ਼ਤ ਸਕੂਲੀ ਸਿੱਖਿਆ ਦੇ ਨਾਲ ਨਾਲ ਡੇਅ-ਬੋਰਡਿੰਗ ਵੀ ਹਾਸਲ ਕੀਤੀ।

ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਕੀਤੀ ਗ੍ਰੈਜੂਏਸ਼ਨ

ਗੁਰਜੀਤ ਕੌਰ ਨੇ ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ 'ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਲਦੀ ਹੀ ਕੌਮੀ ਪੱਧਰ 'ਤੇ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਸਾਲ 2014 ਵਿਚ ਉਨ੍ਹਾਂ ਨੂੰ ਭਾਰਤੀ ਹਾਕੀ ਟੀਮ ਦੇ ਕੈਂਪ ਲਈ ਬੁਲਾਇਆ ਗਿਆ। ਟੀਮ ਨੂੰ ਫਾਈਨਲ 'ਚ ਪਹੁੰਚਾਉਣ ਵਾਲੀ ਗੁਰਜੀਤ ਕੌਰ ਨੂੰ ਉਸ ਤੋਂ ਪਹਿਲਾਂ ਵੀ ਕੁਆਰਟਰ ਫਾਈਨਲ 'ਚ ਕਜ਼ਾਕਿਸਤਾਨ ਖ਼ਿਲਾਫ਼ ਤਿੰਨ ਗੋਲ ਕਰਨ ਕਰ ਕੇ ਵੂਮੈਨ ਆਫ ਦਿ ਮੈਚ ਦੇ ਖਿਤਾਬ ਲਈ ਚੁਣਿਆ ਗਿਆ ਸੀ। ਗੁਰਜੀਤ ਕੌਰ ਨੇ ਖ਼ਾਲਸਾ ਕਾਲਜ ਫਾਰ ਵੂਮੈਨ 'ਚ ਪੜ੍ਹਦਿਆਂ ਹੋਇਆਂ ਇੱਥੋਂ ਹੀ ਹਾਕੀ ਖੇਡ ਦੀਆਂ ਬਰੀਕੀਆਂ ਸਿੱਖੀਆਂ। ਉਸ ਦੀ ਵੱਡੀ ਭੈਣ ਪਰਦੀਪ ਕੌਰ ਇਸ ਵੇਲੇ ਪੰਜਾਬ ਖੇਡ ਵਿਭਾਗ 'ਚ ਬਤੌਰ ਹਾਕੀ ਕੋਚ ਕੰਮ ਕਰ ਰਹੀ ਹੈ। ਮੱਧਵਰਗੀ ਪਰਿਵਾਰ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸਤਨਾਮ ਸਿੰਘ ਕਿਸਾਨ ਹਨ। ਦੱਸਣਯੋਗ ਹੈ ਕਿ ਹਾਕੀ ਖੇਡਣ ਤੋਂ ਬਾਅਦ ਗੁਰਜੀਤ ਕੌਰ ਨੇ ਰੇਲਵੇ ਇਲਾਹਾਬਾਦ 'ਚ ਨੌਕਰੀ ਜੁਆਇਨ ਕਰ ਕੇ ਆਪਣੀ ਡਿਊਟੀ ਦੇ ਨਾਲ-ਨਾਲ ਖੇਡਾਂ ਨੂੰ ਜਾਰੀ ਰੱਖਿਆ ਹੈ। ਇਸ ਦੇ ਚੱਲਦਿਆਂ ਅੱਜ ਹਾਕੀ 'ਚ ਉਹ ਆਪਣਾ ਨਾਂ ਚਮਕਾਉਣ ਵਿੱਚ ਕਾਮਯਾਬ ਹੋਈ ਹੈ।

ਹਾਫ ਟਾਈਮ 'ਚ ਆਸਟ੍ਰੇਲੀਆ 'ਤੇ ਭਾਰਤ ਨੇ 1-0 ਦੀ ਬੜ੍ਹਤ ਬਣਾਈ

ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾ ਹਾਕੀ ਟੀਮ ਵਿਚਕਾਰ ਟੋਕੀਓ ਓਲੰਪਿਕ 2020 ਦਾ ਕੁਆਰਟਰ ਫਾਈਨਲ ਮੈਚ ਓਆਈ ਹਾਕੀ ਟੀਮ ਦੀ ਨਾਰਥ ਪਿੱਚ 'ਤੇ ਖੇਡਿਆ ਗਿਆ। ਮੈਚ ਦੇ ਪਹਿਲੇ ਕੁਆਰਟਰ 'ਚ ਦੋਵਾਂ ਟੀਮਾਂ ਵਿਚਕਾਰ ਕੜਾ ਮੁਕਾਬਲਾ ਦੇਖਿਆ ਗਿਆ ਤੇ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਹਾਲਾਂਕਿ ਦੂਸਰੇ ਕੁਆਰਟਰ ਦੀ ਖੇਡ ਖ਼ਤਮ ਹੋ ਗਈ ਹੈ ਤੇ ਫਿਰ ਭਾਰਤ ਨੇ ਹਾਫ ਟਾਈਮ 'ਚ ਆਸਟ੍ਰੇਲੀਆ 'ਤੇ 1-0 ਦੀ ਬੜਤ ਬਣਾ ਲਈ ਹੈ। ਭਾਰਤ ਵੱਲੋਂ ਗੁਰਜੀਨ ਕੌਰ ਨੇ ਇਕ ਗੋਲ ਕੀਤਾ ਹੈ।

ਤੀਜੇ ਕੁਆਰਟਰ 'ਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਉੱਥੇ ਹੀ ਚੌਥੇ ਕੁਆਰਟਰ 'ਚ ਵੀ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਨਹੀਂ ਹੋਇਆ, ਪਰ ਚੌਥੇ ਕੁਆਰਟਰ ਦਾ ਮੈਚਾ ਕਾਫੀ ਰੋਮਾਂਚਕ ਰਿਹਾ। ਹਾਲਾਂਕਿ, ਭਾਰਤ ਨੂੰ 1-0 ਨਾਲ ਜਿੱਤ ਮਿਲੀ ਅਤੇ ਟੀਮ ਓਲੰਪਿਕ ਖੇਡਾਂ ਦੇ ਸੈਮੀਫਾਈਨਲ 'ਚ ਪਹਿਲੀ ਵਾਰ ਖੇਡਣ ਉਤਰੇਗੀ। ਭਾਰਤ ਨੇ ਤਿੰਨ ਵਾਰ ਦੀ ਓਲੰਪਿਕ ਗੋਲਡ ਜੇਤੂ ਤੇ ਮੌਜੂਦਾ ਸਮੇਂ ਵਿਸ਼ਵ ਦੀ ਨੰਬਰ ਦੋ ਟੀਮ ਨੂੰ ਹਰਾ ਕੇ ਸੈਮੀਫਾਈਨਲ ਤਕ ਦਾ ਸਫ਼ਰ ਤੈਅ ਕੀਤਾ ਹੈ। ਭਾਰਤ ਨੇ ਪਹਿਲੀ ਵਾਰ 1980 'ਚ ਓਲੰਪਿਕ ਖੇਡਾਂ 'ਚ ਹਿੱਸਾ ਲਿਆ ਸੀ ਤੇ 6 ਟੀਮਾਂ ਵਾਲੀ ਖੇਡ ਵਿਚ ਚੌਥੇ ਨੰਬਰ 'ਤੇ ਰਹੀ ਸੀ। ਉੱਥੇ ਹੀ 2016 'ਚ ਰੀਓ ਓਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ 12ਵੇਂ ਨੰਬਰ 'ਤੇ ਰਹੀ ਸੀ ਤੇ ਹੁਣ ਸੈਮੀਫਾਈਨਲ 'ਚ ਪਹੁੰਚਣ 'ਚ ਕਾਮਯਾਬ ਹੋਈ ਹੈ।

ਪਰਿਵਾਰਕ ਮੈਂਬਰ ਬੋਲੇ- ਧੀ ਉੱਤੇ ਮਾਣ

ਅਜਨਾਲਾ ਦੇ ਪਿੰਡ ਮਨਿਆਦੀ ਕਲਾਂ 'ਚ ਜਨਮੀ ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਨੇ ਕਿਹਾ ਕਿ ਬਤੌਰ ਮਾਂ-ਬਾਪ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ। ਉਨ੍ਹਾਂ ਦੀ ਇਹੀ ਇੱਛਾ ਹੈ ਕਿ ਉਨ੍ਹਾਂ ਦੇ ਬੱਚੇ ਸਮਾਜ ਵਿਚ ਉੱਚ ਸਥਾਨ ਹਾਸਲ ਕਰਨ। ਹਰੇਕ ਖਿਡਾਰੀ ਲਈ ਓਲੰਪਿਕ ਹੀ ਆਖਰੀ ਟੀਚਾ ਹੁੰਦਾ ਹੈ ਜੋ ਕਿ ਉਨ੍ਹਾਂ ਦੀ ਧੀ ਨੇ ਕੜੀ ਮਿਹਨਤ ਤੇ ਲਗਨ ਨਾਲ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਤੇ ਸੂਬੇ ਦੀ ਇਕਲੌਤੀ ਮਹਿਲਾ ਖਿਡਾਰਨ ਗੁਰਜੀਤ ਕੌਰ ਨੇ ਓਲੰਪਿਕ 'ਚ ਭਾਰਤੀ ਟੀਮ ਦਾ ਹਿੱਸਾ ਬਣ ਕੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਲੋਕਾਂ ਨੇ ਗੁਰਜੀਤ ਕੌਰ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਹੈ।

Posted By: Seema Anand