ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਭਾਰੀ ਟ੍ਰੈਫਿਕ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਦਾ ਮੁੱਦਾ ਉਠਾਉਂਦਿਆਂ ਕੇਂਦਰੀ ਸੜਕ ਮੰਤਰੀ ਨਿਤਿਨ ਗਡਕਰੀ ਕੋਲੋਂ ਇਸ ਸਬੰਧੀ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ। ਜਿਸ ਦੇ ਜਵਾਬ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੰਮਿ੍ਤਸਰ ਤੋਂ ਅਟਾਰੀ 6 ਲਾਈਨ ਅਤੇ ਏਅਰਪੋਰਟ ਅੰਮਿ੍ਤਸਰ ਨੂੰ ਜਾਣ ਵਾਲੀ ਸੜਕ ਨੂੰ ਛੇ ਮਾਰਗੀ ਕਰਨ ਸਬੰਧੀ ਜਾਣਕਾਰੀ ਦਿੱਤੀ।

ਲੋਕ ਸਭਾ ਵਿਚ ਬੋਲਦਿਆਂ ਔਜਲਾ ਨੇ ਕਿਹਾ ਕਿ ਢਿੱਲਵਾਂ ਤੋਂ ਅੰਮਿ੍ਤਸਰ ਰੋਡ ਦੇ ਰੱਖ-ਰਖਾਅ ਤੇ ਮੁਰੰਮਤ ਵਿਚ ਖਾਮੀਆਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਢਿੱਲਵਾਂ ਤੋਂ ਅੰਮਿ੍ਤਸਰ ਅਤੇ ਗੋਲਡਨ ਗੇਟ ਤੋਂ ਇੰਡੀਆ ਗੇਟ ਤਕ ਵਧੇਰੇ ਟ੍ਰੈਫਿਕ ਹੋਣ ਕਾਰਨ ਹਰ ਰੋਜ਼ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਤੋਂ ਢਿੱਲਵਾਂ ਵਿਚਕਾਰ ਨਿਰਮਾਣ ਵਿਚ ਕਮੀਆਂ ਕਾਰਨ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਣੂ ਕਰਵਾਇਆ।ਉਨ੍ਹਾਂ ਨੇ ਮਾਨਾਂਵਾਲਾ ਤੋਂ ਇੰਡੀਆ ਗੇਟ ਤਕ 6 ਲਾਈਨ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਅੰਮਿ੍ਤਸਰ ਨੂੰ ਜਾਣ ਲਈ ਐਲੀਵੇਟਡ ਰੋਡ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਪਠਾਨਕੋਟ-ਅੰਮਿ੍ਤਸਰ ਨੈਸ਼ਨਲ ਹਾਈਵੇਅ 15 ਦੀ ਸੜਕ ਜਿਹੜੀ ਭਾਰੀ ਟ੍ਰੈਫਿਕ ਕਰਨ ਬੈਠ ਚੁੱਕੀ ਹੈ, ਇਸ ਬਾਰੇ ਵੀ ਕੇਂਦਰੀ ਮੰਤਰੀ ਦੇ ਧਿਆਨ ਵਿਚ ਲਿਆਂਦਾ।

ਔਜਲਾ ਨੇ ਅੰਮਿ੍ਤਸਰ ਤੋਂ ਵੇਰਕਾ ਵਿਚਕਾਰ ਲਾਈਟਾਂ ਨਾ ਹੋਣ ਕਾਰਨ ਹਾਦਸਿਆਂ ਦੇ ਹੋਣ ਬਾਰੇ ਵੀ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ। ਇਸ ਗੱਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੈਂਬਰ ਪਾਰਲੀਮੈਂਟ ਔਜਲਾ ਦੀ ਗੱਲ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ 2010 ਵਿਚ ਜਿਸ ਕੰਪਨੀ ਨੂੰ ਬੀਓਟੀ ਤਹਿਤ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਅਤੇ ਰੱਖ-ਰਖਾਵ ਲਈ ਠੇਕਾ ਦਿੱਤਾ ਗਿਆ ਸੀ, ਉਸ ਕੰਪਨੀ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੰਪਨੀ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। 4 ਬਲੈਕ ਸਪਾਟ, ਜਿੱਥੇ ਵਧੇਰੇ ਹਾਦਸੇ ਹੁੰਦੇ ਹਨ, ਉਨ੍ਹਾਂ ਨੂੰ ਖਤਮ ਕਰ ਕੇ ਹਾਦਸਿਆਂ ਨੂੰ ਘਟਾਉਣ ਲਈ 260 ਕਰੋੜ ਖਰਚ ਕੀਤੇ ਜਾ ਰਹੇ ਹਨ। ਜਿੱਥੇ ਲਾਈਟਾਂ ਦੀ ਜ਼ਰੂਰਤ ਹੈ, ਉਸ ਜਗ੍ਹਾ ਲਾਈਟਾਂ ਲਾਈਆਂ ਜਾਣਗੀਆਂ।

ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ-ਅੰਮਿ੍ਤਸਰ -ਕਟੜਾ ਮਾਰਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਹਾਈਵੇਅ ਬਣਨ ਨਾਲ ਟ੍ਰੈਫਿਕ ਘੱਟ ਹੋਵੇਗੀ ਅਤੇ ਹਾਦਸੇ ਵੀ ਘਟਣਗੇ। ਗਡਕਰੀ ਨੇ ਇਹ ਵੀ ਕਿਹਾ ਕਿ ਅੰਮਿ੍ਤਸਰ ਏਅਰਪੋਰਟ ਲਈ 6 ਲਾਈਨ ਐਲੀਵੇਟਡ ਰੋਡ ਬਣਾਉਣ ਲਈ ਡੀਪੀਆਰ ਅਧੀਨ ਕੰਮ ਚੱਲ ਰਿਹਾ ਹੈ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸੜਕੀ ਆਵਾਜਾਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ।