ਅਮਨਦੀਪ ਸਿੰਘ, ਅੰਮ੍ਰਿਤਸਰ : ਟਿੱਕ-ਟਾਕ ਜ਼ਰੀਏ ਕੁਝ ਹੀ ਦਿਨਾਂ ਵਿਚ ਸਟਾਰ ਬਣੀ ਨੰਨ੍ਹੀ ਨੂਰਪ੍ਰੀਤ ਕੌਰ ਉਰਫ਼ ਨੂਰ ਅਤੇ ਉਸ ਦੀ ਭੈਣ ਜਸ਼ਨਪ੍ਰੀਤ ਕੌਰ ਨੂੰ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਵਲੋਂ 'ਮਾਣ ਧੀਆਂ 'ਤੇ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਅੰਮ੍ਰਿਤਸਰ ਦੇ ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ (ਐੱਸਐੱਸਪੀ ਮੋਗਾ) ਅਤੇ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਸਾਂਝੇ ਤੌਰ 'ਤੇ ਦਿੱਤੀ। ਜ਼ਿਕਰਯੋਗ ਹੈ ਕਿ 5 ਸਾਲ ਦੀ ਨੂਰਪ੍ਰੀਤ ਕੌਰ ਅਤੇ ਉਸ ਦੀ ਭੈਣ ਜਸ਼ਨਪ੍ਰੀਤ ਕੌਰ ਟਿੱਕ-ਟਾਕ ਜ਼ਰੀਏ ਆਪਣੀ ਕਲਾ ਦਾ ਹੁਨਰ ਦਿਖਾ ਕੇ ਬੇਹੱਦ ਪ੍ਰਸਿੱਧੀ ਖੱਟ ਚੁੱਕੀਆਂ ਹਨ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਧਰਮਕੋਟ ਦੇ ਪਿੰਡ ਭਿੰਡਰ ਕਲਾਂ ਵਾਸੀ ਟਿੱਕ-ਟਾਕ ਨੰਨ੍ਹੀ ਸਟਾਰ ਨੂਰਪ੍ਰੀਤ ਕੌਰ ਨੂੰ ਕਲੱਬ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ 'ਮਾਣ ਧੀਆਂ 'ਤੇ' ਐਵਾਰਡ ਨਾਲ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਪੁਸ਼ਟੀ ਕੀਤੀ ਹੈ ਕਿ ਨੂਰ ਦੇ ਪਿਤਾ ਦਾ ਨਾਂ ਡੀਜੀਪੀ ਡਿਸਕ ਲਈ ਪੇਸ਼ ਕੀਤਾ ਗਿਆ ਹੈ, ਜਲਦ ਹੀ ਨੂਰ ਦੇ ਪਿਤਾ ਨੂੰ ਪੁਲਿਸ ਵਿਭਾਗ ਵਿਚ ਨੌਕਰੀ ਵੀ ਮਿਲੇਗੀ। ਜਗਾਧਰੀ ਹਰਿਆਣਾ ਤੋਂ ਪੁੱਜੇ ਗੁਰੂ ਕ੍ਰਿਪਾ ਟਰੱਸਟ ਦੇ ਸੰਚਾਲਕ ਬਾਬਾ ਜਸਦੀਪ ਵੱਲੋਂ ਸੱਤ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਘਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ, ਇਸ ਤੋਂ ਇਲਾਵਾ ਲੁਧਿਆਣਾ ਦੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਦੋਵਾਂ ਬੱਚੀਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ ਹੈ ਅਤੇ ਉਨ੍ਹਾਂ ਦੀ ਇਕ ਸਾਲ ਦੀ ਫੀਸ ਜਮ੍ਹਾਂ ਕਰਵਾਈ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਨੂਰਪ੍ਰੀਤ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਵੀਡੀਓ ਬਣਾ ਚੁੱਕੇ ਹਨ, ਇਨ੍ਹਾਂ ਦੋਵਾਂ ਬੱਚੀਆਂ ਦੀ ਮਿਹਨਤ ਸਦਕਾ ਮਾਤਾ ਪਿਤਾ ਨੂੰ ਪ੍ਰਸਿੱਧੀ ਮਿਲੀ ਹੈ, ਜਲਦ ਹੀ ਉਕਤ ਸੰਸਥਾ ਵੱਲੋਂ 'ਮਾਣ ਧੀਆਂ 'ਤੇ' ਐਵਾਰਡ ਨਾਲ ਦੋਵਾਂ ਬੇਟੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਨੂਰ ਵਰਗੀਆਂ ਧੀਆਂ ਮਾਪਿਆਂ ਲਈ ਸ਼ਾਨ ਹਨ। ਲਾਕਡਾਊਨ 'ਚ ਟਿੱਕ-ਟਾਕ ਨੇ ਨੂਰਪ੍ਰੀਤ ਤੇ ਜਸ਼ਨਪ੍ਰੀਤ ਦੀ 'ਕਿਸਮਤ' ਖੋਲ੍ਹੀ ਦਿੱਤੀ ਹੈ। ਨੂਰ ਨੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਧੀਆਂ ਕਿਸੇ ਪੱਖੋਂ ਵੀ ਲੜਕਿਆਂ ਨਾਲੋਂ ਘੱਟ ਨਹੀਂ ਹਨ।

Posted By: Amita Verma