ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਪੁਲਿਸ ਨੇ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਸੱਤ ਮੈਂਬਰੀ ਅੰਤਰਰਾਜੀ ਲੁਟੇਰਾ ਗਿਰੋਹ ਨੂੰ ਬੇਨਕਾਬ ਕੀਤਾ ਹੈ।

ਲੁੱਟ ਦੀ ਵਿਉਂਤ ਬਣਾ ਰਹੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਜਿੱਥੇ ਕਾਬੂ ਕਰ ਲਿਆ, ਉੱਥੇ ਹੀ ਇਨ੍ਹਾਂ ਦੇ ਚਾਰ ਸਾਥੀ ਮੌਕੇ 'ਤੋਂ ਫ਼ਰਾਰ ਹੋਣ 'ਚ ਸਫਲ ਹੋ ਗਏ। ਪੁਲਿਸ ਨੇ ਮੌਕੇ ਤੋਂ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕਰ ਕੇ ਸੱਤ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਐੱਸਪੀ ਸਥਾਨਕ ਗੌਰਵ ਤੂਰਾ ਨੇ ਕਿਹਾ ਕਿ ਸੂਚਨਾ ਦੇ ਆਧਾਰ 'ਤੇ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਸਬ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਸਾਈਮਨ ਮਸੀਹ ਵਾਸੀ ਹਾਮਦ ਨਗਰ, ਰਾਮਪੁਰ ਯੂਪੀ, ਸਾਹਿਬ ਸਿੰਘ ਵਾਸੀ ਵਿਰਾਸਤ ਨਗਰ ਰਾਮਪੁਰ ਯੂਪੀ ਤੇ ਵਿਜੇ ਸਿੰਘ ਵਾਸੀ ਗੱਗੋਬੂਆ ਨੂੰ 12 ਬੋਰ ਦੇ ਦੇਸੀ ਪਿਸਤੌਲ ਅਤੇ ਪੰਜ ਕਾਰਤੂਸਾਂ ਤੋਂ ਇਲਾਵਾ ਇਕ ਕਿਰਪਾਨ ਅਤੇ ਇਕ ਦਾਤਰ ਸਮੇਤ ਗਿ੍ਫ਼ਤਾਰ ਕੀਤਾ, ਜਿਨ੍ਹਾਂ ਖ਼ਿਲਾਫ਼ ਥਾਣਾ ਝਬਾਲ 'ਚ ਮੁਕੱਦਮਾ ਦਰਜ ਕਰ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਸਾਈਮਨ ਮਸੀਹ ਅਤੇ ਸਾਹਿਬ ਸਿੰਘ ਖ਼ਿਲਾਫ਼ ਯੂਪੀ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕਈ ਮੁਕੱਦਮੇ ਦਰਜ ਹਨ।

ਇਹ ਲੋਕ ਯੂਪੀ, ਦਿੱਲੀ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ, ਕਤਲ, ਚੋਰੀ ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਦੇ ਸਾਥੀ ਗੋਰਾ ਪੰਜਵੜ, ਰਾਣਾ ਅਮੀਸ਼ਾਹ, ਗੁਰਮਨ ਵਾਸੀ ਖਾਲੜਾ ਅਤੇ ਬਿੱਲਾ ਵਾਸੀ ਗਵਾਲਮੰਡੀ ਵੀ ਇਨ੍ਹਾਂ ਦੀਆਂ ਵਾਰਦਾਤਾਂ ਵਿਚ ਸ਼ਾਮਲ ਹੁੰਦੇ ਹਨ।

ਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਫ਼ਰਾਰ ਚੱਲੇ ਆ ਰਹੇ ਇਹ ਚਾਰ ਲੋਕਾਂ ਦੀ ਗਿ੍ਫ਼ਤਾਰੀ ਲਈ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ 'ਤੇ ਲਿਆ ਜਾਵੇਗਾ।

ਸਾਈਮਨ ਮਸੀਹ ਖ਼ਿਲਾਫ਼ ਦਰਜ ਹਨ 13 ਮੁਕੱਦਮੇ

ਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸਾਈਮਨ ਮਸੀਹ ਖ਼ਿਲਾਫ਼ ਅਸਲਾ ਐਕਟ, ਚੋਰੀ ਦੇ ਸਾਮਾਨ ਦੀ ਬਰਾਮਦਗੀ, ਗੈਂਗਸਟਰ ਐਕਟ, ਕੁੱਟਮਾਰ, ਜਾਨਲੇਵਾ ਹਮਲਾ ਕਰਨ, ਧਮਕਾਉਣ ਅਤੇ ਗੁੰਡਾ ਐਕਟ ਦੀਆਂ ਧਾਰਾਵਾਂ ਤਹਿਤ ਯੂਪੀ ਦੇ ਥਾਣਾ ਬਿਲਾਸਪੁਰ 'ਚ 11, ਥਾਣਾ ਰੁਦਰਪੁਰ 'ਚ ਇਕ ਅਤੇ ਸੈਕਟਰ 58 ਨੋਇਡਾ 'ਚ ਇਕ ਮੁਕੱਦਮਾ ਦਰਜ ਹੈ।

ਹੱਤਿਆ ਦੇ ਦੋ ਮਾਮਲਿਆਂ 'ਚ ਨਾਮਜ਼ਦ ਹੈ ਸਾਹਿਬ ਸਿੰਘ

ਐੱਸਪੀ ਨੇ ਦੱਸਿਆ ਕਿ ਸਾਈਮਨ ਦਾ ਸਾਥੀ ਸਾਹਿਬ ਹੱਤਿਆ ਦੇ ਦੋ ਮਾਮਲਿਆਂ ਵਿਚ ਨਾਮਜ਼ਦ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਇਕ ਥਾਣੇ 'ਚ ਸਾਲ 2017 ਵਿਚ ਦਰਜ ਹੋਏ ਮੁਕੱਦਮਾ ਨੰਬਰ 192, ਜ਼ੇਰੇ ਧਾਰਾ 302, 201 ਤੋਂ ਇਲਾਵਾ ਯੂਪੀ ਦੇ ਥਾਣਾ ਬਿਲਾਸਪੁਰ 'ਚ ਹੱਤਿਆ ਕਰ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਸਬੰਧੀ ਮੁਕੱਦਮਾ ਨੰਬਰ 866 ਸਾਲ 2017 ਵਿਚ ਦਰਜ ਹੋਇਆ ਹੈ।