ਜੇਐੱਨਐੱਨ, ਅੰਮ੍ਰਿਤਸਰ : ਬਿਆਸ ਨੇੜੇ ਸ਼ੁੱਕਰਵਾਰ ਰਾਤ ਕਰੀਬ 10 ਵਜੇ ਹੋਏ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਹੋਇਆ ਜਦੋਂ ਇਕ ਗੱਡੀ ਦਾ ਅਚਾਨਕ ਟਾਇਰ ਫੱਟ ਗਿਆ ਤੇ ਉਹ ਬੇਕਾਬੂ ਹੋ ਕੇ ਸਾਹਮਣਿਓਂ ਆ ਰਹੀ ਇਨੋਵਾ ਕਾਰ 'ਚ ਜਾ ਵੱਜੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਦੋਸਤ ਕਾਰ 'ਚ ਸਵਾਰ ਹੋ ਕੇ ਸ਼ੁੱਕਰਵਾਰ ਰਾਤ ਨੂੰ ਨਕੋਦਰ ਸਿਥਤ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਜਦੋਂ ਉਹ ਬਿਆਸ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਦੂਸਰੀ ਲੇਨ 'ਚ ਜਾ ਪਹੁੰਚੀ। ਇਸ ਦੌਰਾਨ ਸਾਹਮਣਿਓਂ ਇਕ ਇਨੋਵਾ ਕਾਰ ਆ ਰਹੀ ਸੀ ਜਿਸ ਦੀ ਹਾਦਸਾਗ੍ਰਸਤ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਕਾਰ ਸਵਾਰ ਨੌਜਵਾਨ ਪੰਕਜ ਆਨੰਦ ਨਿਵਾਸੀ ਹਾਲ ਗੇਟ ਤੇ ਲੜਕੀ ਆਂਚਲ ਨਿਵਾਸੀ ਮਜੀਠਾ ਰੋਡ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ। ਤੁਰੰਤ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਹ 'ਚ ਹੀ ਦੋਵਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਦੋਵੇਂ ਕਾਰਾ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਇਕ-ਦੂਸਰੇ ਦੇ ਵਿਚਕਾਰ ਫਸ ਗਈਆਂ ਸਨ। ਹਾਦਸੇ 'ਚ ਇਨੋਵਾ 'ਚ ਸਵਾਰ 'ਚ ਸ਼ਖ਼ਸ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਪੋਸਟਰਮਾਟਮ ਲਈ ਭੇਜ ਦਿੱਤੀਆਂ ਹਨ।

Posted By: Seema Anand