ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਦੇ ਪਿੰਡਾਂ 'ਚ ਪਸ਼ੂਆਂ ਦੇ ਮਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਝਬਾਲ ਖੇਤਰ 'ਚ ਕਈ ਮੱਝਾਂ ਦੀ ਮੌਤ ਤੋਂ ਬਾਅਦ ਹੁਣ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਜੌਹਲ ਰਾਜੂ ਸਿੰਘ ਵਾਲਾ 'ਚ ਵੀ ਤਿੰਨ ਮੱਝਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਦੋਂਕਿ ਦਰਜਨਾਂ ਪਸ਼ੂ ਹਾਲੇ ਵੀ ਇਸ ਮੂੰਹਖੁਰ ਨਾਂ ਦੀ ਬਿਮਾਰੀ ਨਾਲ ਪੀੜਤ ਦੱਸੇ ਜਾ ਰਹੇ ਹਨ। ਪਸ਼ੂ ਪਾਲਕਾਂ ਨੇ ਮੱਝਾਂ ਦੀ ਮੌਤ ਨੂੰ ਆਪਣੇ ਘਰ ਦੇ ਗੁਜ਼ਾਰੇ ਦਾ ਸਾਧਨ ਦੱਸਦਿਆਂ ਮਾਲੀ ਸਹਾਇਤਾ ਦੀ ਮੰਗ ਵੀ ਕੀਤੀ ਹੈ। ਹਾਲਾਂਕਿ ਪਸ਼ੂਆਂ ਦੀ ਮੌਤ ਪਿੱਛੇ ਮੂੰਹਖੁਰ ਬਿਮਾਰੀ ਦੀ ਵਜ੍ਹਾ ਹੋਣ ਨੂੰ ਵਿਭਾਗ ਪੂਰੀ ਤਰ੍ਹਾਂ ਮਾਨਤਾ ਨਹੀਂ ਦੇ ਰਿਹਾ ਕਿਉਂਕਿ ਵਿਭਾਗ ਮੁਤਾਬਿਕ ਇਹ ਬਿਮਾਰੀ ਜਾਨਲੇਵਾ ਨਹੀਂ ਹੈ।

ਪਿੰਡ ਜੌਹਲ ਰਾਜੂ ਸਿੰਘ ਵਾਲਾ ਦੇ ਰਹਿਣ ਵਾਲੇ ਸਕੱਤਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਕੇਵਲ 5 ਕਨਾਲ ਜ਼ਮੀਨ ਦਾ ਮਾਲਕ ਹੈ ਤੇ ਘਰ ਦੇ ਗੁਜ਼ਾਰੇ ਲਈ ਉਸ ਨੇ 5 ਮੱਝਾਂ ਰੱਖੀਆਂ ਸਨ। ਇਲਾਕੇ ਵਿਚ ਫੈਲੀ ਮੂੰਹਖੁਰ ਬਿਮਾਰੀ ਕਾਰਨ ਉਸ ਦੀ ਇਕ ਮੱਝ 9 ਫਰਵਰੀ ਨੂੰ ਮਰ ਗਈ ਜਦੋਂਕਿ ਉਸ ਦੀਆਂ ਬਾਕੀ ਮੱਝਾਂ ਵੀ ਇਸ ਬਿਮਾਰੀ ਨਾਲ ਪੀੜਤ ਸਨ ਤੇ ਉਹ ਬਕਾਇਦਾ ਇਨ੍ਹਾਂ ਦਾ ਇਲਾਜ ਵੀ ਕਰਵਾ ਰਿਹਾ ਸੀ ਪਰ ਸੋਮਵਾਰ ਨੂੰ ਇਕ ਹੋਰ ਮੱਝ ਦੀ ਮੌਤ ਹੋ ਗਈ ਹੈ। ਇਸ ਮੱਝ ਦੀ ਕੀਮਤ 90 ਹਜ਼ਾਰ ਰੁਪਏ ਸੀ।

ਇਸੇ ਤਰ੍ਹਾਂ ਹੀ ਜਤਿੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਕੋਲ 6 ਮੱਝਾਂ ਹਨ। ਇਕ ਮੱਝ ਉਸ ਨੇ 90 ਹਜ਼ਾਰ ਰੁਪਏ ਦੀ ਖ਼ਰੀਦੀ ਸੀ। ਉਹ ਆਪਣੇ ਪਸ਼ੂਆਂ ਨੂੰ ਸਰਕਾਰੀ ਟੀਮ ਕੋਲੋਂ ਪਹਿਲਾਂ ਹੀ ਟੀਕੇ ਲਗਵਾ ਚੁੱਕਾ ਸੀ। ਇਲਾਜ ਦੇ ਬਾਵਜੂਦ ਉਸ ਦੀ ਕੀਮਤੀ ਮੱਝ ਸੋਮਵਾਰ ਨੂੰ ਮਰ ਗਈ ਜਦੋਂਕਿ ਬਾਕੀ ਦੀਆਂ ਹਾਲੇ ਵੀ ਬਿਮਾਰ ਪਈਆਂ ਹਨ। ਇਸ ਪਸ਼ੂ ਪਾਲਕ ਨੇ ਵੀ ਵਿਭਾਗ ਨੂੰ ਲਿਖਤੀ ਜਾਣਕਾਰੀ ਦੇ ਕੇ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।

ਪਿੰਡ ਦੇ ਸਰਪੰਚ ਕੰਵਲਜੀਤ ਕੌਰ ਨੇ ਇਸ ਸਬੰਧੀ ਦੱਸਿਆ ਕਿ ਪਿੰਡ ਵਿਚ ਹੀਰਾ ਸਿੰਘ, ਰੇਸ਼ਮ ਸਿੰਘ, ਪ੍ਗਟ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ, ਸਵਿੰਦਰ ਸਿੰਘ, ਹਰਦੇਵ ਸਿੰਘ, ਨਿਰਮਲ ਸਿੰਘ, ਮਨਜਿੰਦਰ ਸਿੰਘ, ਅਖਤਾਰ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਹੋਰ ਕਈ ਘਰਾਂ 'ਚ ਪਸ਼ੂ ਬਿਮਾਰ ਪਏ ਹਨ। ਕਾਂਗਰਸ ਐੱਸਸੀ ਸੈਲ ਪੰਜਾਬ ਦੇ ਮੀਤ ਪ੍ਧਾਨ ਸੱਤਪਾਲ ਸਿੰਘ ਲਾਡੀ ਜੌਹਲ ਨੇ ਕਿਹਾ ਕਿ ਪੀੜਤ ਪਸ਼ੂਆਂ ਦਾ ਇਲਾਜ ਕਰਨ ਦੇ ਨਾਲ- ਨਾਲ ਮਰੀਆਂ ਮੱਝਾਂ ਦੇ ਪਾਲਕਾਂ ਨੂੰ ਸਹਾਇਤਾ ਵੀ ਮਿਲਣੀ ਚਾਹੀਦੀ ਹੈ।

ਜਾਨਲੇਵਾ ਨਹੀਂ ਹੈ ਮੂੰਹਖੁਰ ਬਿਮਾਰੀ : ਡਿਪਟੀ ਡਾਇਰੈਕਟਰ

ਵੈਟਨਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਮੂੰਹਖੁਰ ਇਕ ਤਰ੍ਹਾਂ ਨਾਲ ਵਾਇਰਲ ਬਿਮਾਰੀ ਹੈ ਤੇ ਜਾਨਲੇਵਾ ਨਹੀਂ ਹੈ। ਸਰਦੀਆਂ ਵਿਚ ਪਸ਼ੂਆਂ ਦੀ ਹਰ ਮਹੀਨੇ ਮੌਤ ਦਰ 1 ਤੋਂ 2 ਫੀਸਦੀ ਹੁੰਦੀ ਹੈ ਅਤੇ ਜੋ ਮੱਝਾਂ ਮਰੀਆਂ ਹਨ, ਉਨ੍ਹਾਂ ਦੀ ਮੌਤ ਦਾ ਕਾਰਨ ਕੀ ਹੈ, ਇਸ ਦਾ ਪਤਾ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕਦਾ ਹੈ। ਮੂੰਹਖੁਰ ਬਿਮਾਰੀ ਤੋਂ ਬਚਾਅ ਲਈ ਵਿਭਾਗ ਵੱਲੋਂ ਪਹਿਲਾਂ ਹੀ ਟੀਕੇ ਪਸ਼ੂਆਂ ਨੂੰ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਛੂਤ ਦੀ ਬਿਮਾਰੀ ਹੈ , ਜਿਸ ਤੋਂ ਪੀੜਤ ਪਸ਼ੂ ਕੋਲੋਂ ਬਾਕੀ ਪਸ਼ੂਆਂ ਨੂੰ ਦੂਰ ਰੱਖਣਾ ਚਾਹੀਦਾ ਹੈ।