ਬਲਰਾਜ ਸਿੰਘ, ਵੇਰਕਾ : ਅੰਮਿ੍ਤਸਰ ਹਲਕਾ ਪੂਰਬੀ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕਾ ਨਿਊ ਪ੍ਰਰੀਤ ਨਗਰ ਵਿਖੇ ਦੇਰ ਰਾਤ ਮਕਾਨ ਮਾਲਕਣ ਕਮਲੇਸ਼ ਪਤਨੀ ਰਾਮ ਤੀਰਥ ਨੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਰਹਿੰਦੀ ਪਰਵਾਸੀ ਕਿਰਾਏਦਾਰ ਔਰਤ ਸੁਮਨ ਦੇਵੀ ਪਤਨੀ ਦੇਵਾਨੰਦ ਰਾਏ ਤੇ ਉਸ ਦੀ 6 ਸਾਲਾ ਬੱਚੀ ਏਰੀਆ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਸਬੂਤ ਮਿਟਾਉਣ ਲਈ ਛੱਤ ਦਾ ਫਰਸ਼ ਨੂੰ ਧੋ ਕੇ ਫ਼ਰਾਰ ਹੋ ਗਈ। ਰਸਤੇ 'ਚ ਜਾਂਦੀ ਹੋਈ ਨੇ ਪੁੱਤਰ ਰਾਕੇਸ਼, ਜੋ ਪੁਲਿਸ 'ਚ ਭਰਤੀ ਹੋਣ ਲਈ ਤੜਕੇ ਬਾਹਰ ਖੇਤਾਂ ਦੁਆਲੇ ਦੌੜ ਲਾਉਣ ਦੀ ਪ੍ਰੈਕਟਿਸ ਕਰ ਰਿਹਾ ਸੀ, ਨੂੰ ਫੋਨ 'ਤੇ ਘਟਨਾ ਬਾਰੇ ਦੱਸ ਕੇ ਛੇਤੀ ਸਟੇਸ਼ਨ 'ਤੇ ਆਉਣ ਦੀ ਸਲਾਹ ਦਿੱਤੀ। ਪਰ ਰਾਕੇਸ਼ ਤੇ ਪਤੀ ਰਾਮਤੀਰਥ ਨੇ ਮਗਰ ਜਾਣ ਦੀ ਬਜਾਏ ਨਜ਼ਦੀਕ ਪੈਂਦੇ ਥਾਣਾ ਮੋਹਕਮਪੁਰਾ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੁਲਿਸ ਨੇ ਹਰਕਤ 'ਚ ਆਉਂਦਿਆਂ ਤੇਜ਼ੀ ਨਾਲ ਕਾਰਵਾਈ ਕਰਕੇ ਰਾਕੇਸ਼ ਦੀ ਨਿਸ਼ਾਨਦੇਹੀ 'ਤੇ ਰੇਲਵੇ ਸਟੇਸ਼ਨ ਅੰਮਿ੍ਤਸਰ ਤੋਂ ਦੋਹਰੇ ਕਤਲ ਨੂੰ ਅੰਜਾਮ ਦੇਣ ਵਾਲੀ ਔਰਤ ਕਮਲੇਸ਼ ਨੂੰ ਕਾਬੂ ਕਰ ਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਇਲਾਕਾ ਵਾਸੀਆਂ ਨੂੰ ਵੀ ਕਤਲ ਦੀ ਸੂਹ ਤਕ ਨਾ ਲੱਗੀ। ਮੁਲਜ਼ਮ ਕਮਲੇਸ਼ ਦਾ ਸ਼ਾਤਰ ਦਿਮਾਗ ਪਤੀ ਰਾਮ ਤੀਰਥ ਕੁਝ ਸਮਾਂ ਪੁਲਿਸ ਨੂੰ ਕਤਲ 'ਚ ਕੋਈ ਭੂਮਿਕਾ ਨਾ ਹੋਣ ਭਟਕਾਉਂਦਾ ਰਿਹਾ। ਪਰ ਕੁਝ ਸਮੇਂ ਬਾਅਦ ਜ਼ੋਰ ਦੇਣ 'ਤੇ ਮੰਨਿਆ ਕਿ ਦੋਹਾਂ ਲਾਸ਼ਾਂ ਨੂੰ ਠਿਕਾਣੇ ਲਾਉਣ ਲਈ ਉਸ ਨੇ ਆਪਣੀ ਪਤਨੀ ਕਮਲੇਸ਼ ਦਾ ਪੂਰਾ ਸਾਥ ਦਿੱਤਾ ਹੈ। ਮੋਹਕਮਪੁਰਾ ਥਾਣਾ ਮੁਖੀ ਤੇ ਪੁਲਿਸ ਫੋਰਸ ਨਾਲ ਪੁੱਜੇ ਸੀਨੀਅਰ ਪੁਲਿਸ ਅਧਿਕਾਰੀ ਡਾ. ਰਿਪਤਪਨ ਸਿੰਘ ਸੰਧੂ ਨੇ ਦੱਸਿਆ ਕਿ ਬੱਚੀ ਤੇ ਔਰਤ ਦੇ ਕਤਲ ਦਾ ਅਸਲ ਕਾਰਨ ਨਾਜਾਇਜ਼ ਸਬੰਧ ਸਨ। ਜਿਸ ਦੇ ਚਲਦਿਆਂ ਮਕਾਨ ਮਾਲਕਣ ਕਮਲੇਸ਼ ਤੇ ਕਿਰਾਏਦਾਰ ਔਰਤ ਸੁਮਨ ਦੋਵਾਂ 'ਚ ਅਕਸਰ ਤਕਰਾਰ ਰਹਿੰਦੀ ਸੀ। ਆਈਟੀਬੀਟੀ 'ਚ ਤੈਨਾਤ ਸੁਮਨ ਦੇ ਪਤੀ ਦੇ ਕਮਲੇਸ਼ ਨਾਲ ਨਾਜਾਇਜ਼ ਸਬੰਧ ਸਨ। ਅੱਜ ਮੌਕਾ ਦੇਖ ਕੇ ਕਮਲੇਸ਼ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਿਸ 'ਚ ਕਮਲੇਸ਼ ਦੇ ਪਤੀ ਰਾਮ ਤੀਰਥ ਦੀ ਭੂਮਿਕਾ ਸਾਫ ਝਲਕਦੀ ਹੈ। ਪੁਲਿਸ ਨੇ ਦੋਹਰੇ ਕਤਲ ਕਾਂਡ ਦੀ ਮੁਲਜ਼ਮ ਕਮਲੇਸ਼, ਉਸ ਦੇ ਪਤੀ ਰਾਮ ਤੀਰਥ ਤੇ ਪੁੱਤਰ ਰਾਕੇਸ਼ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਿ੍ਤਕਾ ਦੇ ਪਤੀ ਦੇਵਾਨੰਦ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ। ਵਾਰਡ ਕੌਂਸਲਰ ਜਸਵਿੰਦਰ ਸਿੰਘ ਭਲਵਾਨ ਤੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਜਤਿੰਦਰਪਾਲ ਸਿੰਘ ਘੁੰਮਣ ਨੇ ਘਟਨਾ ਦੀ ਨਿੰਦਾ ਕਰਦਿਆਂ ਪੁਲਿਸ ਕਾਰਵਾਈ ਦੀ ਸ਼ਲਾਘਾ ਕੀਤੀ।

ਖੇਤ 'ਚ ਸੁੱਟੀ ਸੁਮਨ ਦੀ ਲਾਸ਼, ਚਿੱਕੜ 'ਚ ਦੱਬੀ ਬੱਚੀ

ਮਕਾਨ ਮਾਲਕਣ ਕਮਲੇਸ਼ ਨੇ ਕਿਰਾਏਦਾਰ ਸੁਮਨ ਤੇ ਬੱਚੀ ਏਰੀਆ ਦਾ ਕਤਲ ਕਰਕੇ ਲਾਸ਼ਾਂ ਖੁਰਦ-ਬੁਰਦ ਕਰਨ ਲਈ ਆਪਣੇ ਪਤੀ ਰਾਮ ਤੀਰਥ ਦੇ ਸਹਿਯੋਗ ਨਾਲ ਇਕ ਕਿਲੋਮੀਟਰ ਦੂਰੀ ਤੇ ਸਨਸਿਟੀ ਪਾਰਕ ਨੇੜੇ ਲੰਘਦੀਆਂ ਰੇਲਵੇ ਲਾਈਨਾਂ ਲਾਗਲੇ ਜ਼ਿੰਮੀਦਾਰ ਜੋਗਿੰਦਰ ਸਿੰਘ ਦੇ ਝੋਨੇ ਦੇ ਖੇਤਾਂ ਵਿਚ ਚਾਦਰ 'ਚ ਲਪੇਟ ਕੇ ਸੁਟ ਦਿੱਤੀ। ਜਦੋਂਕਿ ਬੱਚੀ ਏਰੀਆ ਦੀ ਲਾਸ਼ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਸਥਿਤ ਝੁਗੀਆਂ ਕੋਲ ਚਿੱਕੜ 'ਚ ਦੱਬੀ ਮਿਲੀ। ਪੁਲਿਸ ਨੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਦੀ ਅਗਵਾਈ 'ਚ ਬੱਚੀ ਤੇ ਔਰਤ ਦੀਆਂ ਲਾਸ਼ਾਂ ਬਰਾਮਦ ਕੀਤੀਆਂ।