ਮਨਜੋਤ ਸਿੰਘ ਕੰਗ, ਅੰਮ੍ਰਿਤਸਰ : ਸੀਆਈਏ ਸਟਾਫ ਦੇ ਸਬ ਇੰਸਪੈਕਟਰ (ਐੱਸਆਈ) ਦਿਲਬਾਗ਼ ਸਿੰਘ ਦੀ ਬੋਲੈਰੋ ਗੱਡੀ ’ਚ ਸੋਮਵਾਰ-ਮੰਗਲਵਾਰ ਦੀ ਰਾਤ ਕਰੀਬ ਦੋ ਵਜੇ ਦੇ ਕਰੀਬ ਦੋ ਨਕਾਬਪੋਸ਼ ਅੱਤਵਾਦੀ ਅਈਈਡੀ ਫਿੱਟ ਕਰ ਕੇ ਫ਼ਰਾਰ ਹੋ ਗਏ। ਦੋਵੇਂ ਇਕ ਬਾਈਕ ’ਤੇ ਸਵਾਰ ਹੋ ਕੇ ਆਏ ਸਨ। ਹਾਲਾਂਕਿ ਪਤਾ ਲੱਗਣ ’ਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਆਈਈਡੀ ਨੂੰ ਸੁਰੱਖਿਅਤ ਸਥਾਨ ’ਤੇ ਲਿਜਾ ਕੇ ਇਸ ਨੂੰ ਡਿਫਿਊਜ਼ ਕਰ ਦਿੱਤਾ। ਤੇ ਵੱਡਾ ਹਾਦਸਾ ਟਲ ਗਿਆ। ਪੂਰੀ ਘਟਨਾ ਨੇਡ਼ੇ ਹੀ ਲੱਗੇ ਇਕ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋ ਗਈ ਤੇ ਫੁਟੇਜ ਦੇ ਆਧਾਰ ’ਤੇ ਪੁਲਿਸ ਅੱਤਵਾਦੀਆਂ ਦੀ ਪਛਾਣ ਕਰ ਰਹੀ ਹੈ। ਆਜ਼ਾਦੀ ਦਿਹਾਡ਼ੇ ਤੋਂ ਅਗਲੇ ਦਿਨ ਮੰਗਲਵਾਰ ਨੂੰ ਇਸ ਤਰ੍ਹਾਂ ਦੀ ਧਮਾਕਾਖੇਜ਼ ਸਮੱਗਰੀ ਮਿਲਣ ਨਾਲ ਸੁਰੱਖਿਆ ਪ੍ਰਬੰਧਾਂ ’ਤੇ ਕਈ ਤਰ੍ਹਾਂ ਦੇ ਸਵਾਲ ਖਡ਼੍ਹੇ ਹੋ ਰਹੇ ਹਨ।

ਪੰਜਾਬ ਪੁਲਿਸ ਦੇ ਸੀਆਈਏ ਸਟਾਫ ਦੇ ਸਬ-ਇੰਸਪੈਕਟਰ ਦਿਲਬਾਗ਼ ਸਿੰਘ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸੀ-ਬਲਾਕ ’ਚ ਰਹਿੰਦੇ ਹਨ। ਮੰਗਲਵਾਰ ਸਵੇਰੇ ਮੰਗਾ ਤੇ ਉਸ ਦਾ ਸਾਥੀ ਉਨ੍ਹਾਂ ਦੀ ਕਾਰ ਸਾਫ ਕਰਨ ਆਏ। ਸਫ਼ਾਈ ਕਰਦਿਆਂ ਉਨ੍ਹਾਂ ਕਾਰ ਦੇ ਪਿਛਲੇ ਪਹੀਏ ਹੇਠਾਂ ਡੱਬੇ ਵਰਗੀ ਚੀਜ਼ ਪਈ ਦੇਖੀ, ਜਿਸ ’ਚੋਂ ਕੁਝ ਤਾਰਾਂ ਬਾਹਰ ਨਿਕਲੀਆਂ ਹੋਈਆਂ ਸਨ। ਉਨ੍ਹਾਂ ਇਸ ਦੀ ਸੂਚਨਾ ਦਿਲਬਾਗ ਸਿੰਘ ਨੂੰ ਦਿੱਤੀ। ਦਿਲਬਾਗ ਸਿੰਘ ਨੇ ਦੇਖਿਆ ਤਾਂ ਉਹ ਸਮਝ ਗਏ ਕਿ ਗੱਡੀ ’ਚ ਆਈਈਡੀ ਫਿੱਟ ਕੀਤੀ ਗਈ ਹੈ। ਉਨ੍ਹਾਂ ਇਸ ਦੀ ਜਾਣਕਾਰੀ ਫ਼ੌਰੀ ਤੌਰ ’ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।

ਪੁਲਿਸ ਟੀਮ ਨਾਲ ਮੌਕੇ ’ਤੇ ਪੁੱਜੇ ਡੀਸੀਪੀ ਮੁਖਵਿੰਦਰ ਸਿੰਘ ਨੇ ਕਿਹਾ ਕਿ ਆਈਈਡੀ ਡਿਫਿਊਜ਼ ਕਰ ਦਿੱਤੀ ਗਈ ਹੈ। ਸੀਸੀਟੀਵੀ ਕੈਮਰੇ ’ਚ ਦੋ ਨਕਾਬਪੋਸ਼ ਨੌਜਵਾਨ ਆਉਂਦੇ ਦਿਖਾਈ ਦਿੱਤੇ ਹਨ ਤੇ ਉਨ੍ਹਾਂ ਦੀ ਪਛਾਣ ਲਈ ਜਾਂਚ ਕਰਵਾਈ ਜਾ ਰਹੀ ਹੈ। ਥਾਣਾ ਰਣਜੀਤ ਐਵੇਨਿਊ ’ਚ ਬੇਪਛਾਣ ਅੱਤਵਾਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਬੰਬ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਲਗਾਇਆ ਗਿਆ ਜਦੋਂ ਸ਼ਹਿਰ ਦੇ ਚੱਪੇ-ਚੱਪੇ ’ਚ ਪੁਲਿਸ ਤਾਇਨਾਤ ਸੀ। ਇਸ ਦੇ ਬਾਵਜੂਦ ਸਮਾਜ ਵਿਰੋਧੀ ਅਨਸਰ ਕਾਰਵਾਈ ਨੂੰ ਅੰਜਾਮ ਦੇ ਗਏ।

ਤਰਨਤਾਰਨ ਤੋਂ ਵੀ ਮਿਲਿਆ ਸੀ ਅਜਿਹਾ ਹੀ ਬੰਬ : ਸਬ ਇੰਸਪੈਕਟਰ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਇਹ ਬੰਬ ਉਸੇ ਤਰ੍ਹਾਂ ਦਾ ਹੈ ਜੋ ਕੁਝ ਦਿਨ ਪਹਿਲਾਂ ਤਰਨਤਾਰਨ ਤੋਂ ਮਿਲਿਆ ਸੀ।

ਦਿਲਬਾਗ ਸਿੰਘ ਨੂੰ ਮਿਲ ਰਹੀਆਂ ਸਨ ਧਮਕੀਆਂ

ਸੀਆਈਏ ਸਟਾਫ ’ਚ ਤਾਇਨਾਤ ਸਬ-ਇੰਸਪੈਕਟਰ ਦਿਲਬਾਗ ਸਿੰਘ ਅੱਤਵਾਦੀ ਦੇ ਦੌਰ ’ਚ ਪੁਲਿਸ ’ਚ ਭਰਤੀ ਹੋਏ ਸਨ। ਉਹ ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਕਈ ਅਪਰਾਧੀਆਂ ਨੂੰ ਫਡ਼ਿਆ ਸੀ। ਦਿਲਬਾਗ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਕੁਝ ਦਿਨ ਪਹਿਲਾਂ ਵੀ ਉਸ ਨੂੰ ਸਿੱਖ ਕੱਟਡ਼ਪੰਥੀ ਸੰਗਠਨ ਵੱਲੋਂ ਧਮਕੀ ਦਿੱਤੀ ਗਈ ਸੀ। ਉਨ੍ਹਾਂ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦੇ ਦਿੱਤੀ ਸੀ।

ਜਾਂਚ ਲਈ ਫੋਰੈਂਸਿਕ ਟੀਮ ਬੁਲਾਈ

ਬਾਰਡਰ ਰੇਂਜ ਦੇ ਆਈਡੀ ਮਨੀਸ਼ ਚਾਵਲਾ ਨੇ ਕਿਹਾ ਕਿ ਆਈਈਡੀ ’ਚ ਇਸਤੇਮਾਲ ਹੋਈ ਧਮਾਕਾਖੇਜ਼ ਸਮੱਗਰੀ ਬਾਰੇ ਜਾਣਕਾਰੀ ਹਾਸਲ ਕਰਨ ਲਈ ਚੰਡੀਗਡ਼੍ਹ ਤੋਂ ਫੋਰੈਂਸਿਕ ਟੀਮ ਬੁਲਾਈ ਗਈ ਹੈ। ਆਈਈਡੀ ’ਚ ਕਿੰਨੀ ਧਮਾਕਾਖੇਜ਼ ਸਮੱਗਰੀ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

Posted By: Sarabjeet Kaur