ਜੇਐੱਨਐੱਨ, ਅੰਮ੍ਰਿਤਸਰ : ਸਰਕਾਰੀ ਸਕੂਲ ਦੇ ਚੌਥਾ ਦਰਜਾ ਮੁਲਾਜ਼ਮ 'ਤੇ ਸਕੂਲ ਦੀ ਹੀ 12ਵੀਂ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਦੋਸ਼ ਲੱਗਿਆ ਹੈ। ਇਹੀ ਨਹੀਂ, ਉਸ ਨੇ ਵਿਦਿਆਰਥਣ ਨੂੰ ਮਹਿੰਗੇ ਤੋਹਫ਼ੇ ਦੇ ਕੇ ਸਬੰਧ ਬਣਾਉਣ ਦਾ ਦਬਾਅ ਵੀ ਪਾਇਆ। ਵਿਦਿਆਰਥਣ ਨਹੀਂ ਮੰਨੀ ਤਾਂ ਉਸ ਨੇ ਤੇਜ਼ਾਬ ਸੁੱਟਣ ਦੀ ਧਮਕੀ ਦਿੱਤੀ। ਜਦੋਂ ਵਿਦਿਆਰਥਣ ਘਰ 'ਚ ਗੁਮਸੁੰਮ ਰਹਿਣ ਲੱਗੀ ਤਾਂ ਪਰਿਵਾਰ ਨੇ ਉਸ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਇਹ ਰਾਜ਼ ਖੁੱਲ੍ਹਿਆ। ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਜਾ ਚੁੱਕੀ ਹੈ। ਏਐੱਸਆਈ ਰਣਜੀਤ ਕੌਰ ਨੇ ਦੱਸਿਆ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਪੀੜਤ ਦੀ ਮਾਂ ਨੇ ਦੱਸਿਆ ਕਿ ਸਕੂਲ 'ਚ ਚੌਥਾ ਦਰਜਾ ਮੁਲਾਜ਼ਮ ਮਨਪ੍ਰੀਤ ਸਿੰਘ ਉਸ ਦੀ ਬੇਟੀ 'ਤੇ ਬੁਰੀ ਨਜ਼ਰ ਰੱਖਦਾ ਹੈ। ਕੁਝ ਸਮਾਂ ਪਹਿਲਾਂ ਦੋਸ਼ੀ ਨੇ ਉਸ ਦੀ ਬੇਟੀ ਨਾਲ ਛੇੜਛਾੜ ਵੀ ਕੀਤੀ ਸੀ। ਇਸ 'ਤੇ ਪਰਿਵਾਰ ਨੇ ਪੰਚਾਇਤ ਨੂੰ ਸ਼ਿਕਾਇਤ ਕੀਤੀ ਸੀ। ਪੰਚਾਂ ਅਤੇ ਸਰਪੰਚ ਦੀ ਹਾਜ਼ਰੀ 'ਚ ਦੋਸ਼ੀ ਨੇ ਲਿਖਤੀ ਮਾਫ਼ੀ ਵੀ ਮੰਗੀ ਸੀ। ਬਾਵਜੂਦ ਦੋਸ਼ੀ ਨੇ ਉਸ ਦੀ ਬੇਟੀ ਨੂੰ ਪਰੇਸ਼ਾਨ ਕਰਨਾ ਜਾਰੀ ਰੱਖਿਆ।

ਉਸ ਨੇ ਦੱਸਿਆ ਕਿ ਦੋਸ਼ੀ ਨੇ ਹੁਣ ਉਸ ਦੀ ਨਾਬਾਲਗ ਧੀ ਨੂੰ ਲਾਲਚ ਦਿੱਤਾ ਕਿ ਵੁਹ ਉਸ ਨੂੰ ਕੀਮਤੀ ਮੋਬਾਈਲ ਲੈ ਕੇ ਦੇਵੇਗਾ, ਤਾਂਕਿ ਉਹ (ਪੀੜਤਾ) ਉਸ ਨਾਲ (ਮਨਪ੍ਰੀਤ ਸਿੰਘ) ਨਾਲ ਗੱਲ ਕਰ ਸਕੇ। ਇਹੀ ਨਹੀਂ, ਦੋਸ਼ੀ ਨੇ ਕਿਹਾ ਕਿ ਉਹ ਉਸ ਨੂੰ ਸ਼ਹਿਰੋਂ ਇੱਕ ਮਹਿੰਗਾ ਸੂਟ ਵੀ ਲਿਆ ਕੇ ਦੇਵੇਗਾ। ਪੀੜਤਾ ਨੇ ਦੋਸ਼ੀ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਮਨਪ੍ਰੀਤ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਸ ਨੇ ਸਰੀਰਕ ਸਬੰਧ ਨਾ ਬਣਾਏ ਤਾਂ ਉਹ ਉਸ ਦੇ ਚਿਹਰੇ 'ਤੇ ਤੇਜ਼ਾਬ ਪਾ ਕੇ ਉਸ ਦਾ ਚਿਹਰਾ ਸਾੜ ਦੇਵੇਗਾ।


ਬੇਟੇ ਨੂੰ ਵੀ ਦਿੱਤੀ ਜਾਨੋਂ ਮਾਰਨ ਦੀ ਧਮਕੀ

ਪੀੜਤ ਪਰਿਵਾਰ ਨੇ ਦੱਸਿਆ ਕਿ ਮਨਪ੍ਰੀਤ ਉਸ ਦੇ ਬੇਟੇ ਨੂੰ ਵੀ ਧਮਕੀ ਦੇ ਚੁੱਕਿਆ ਹੈ। ਦੋਸ਼ ਹੈ ਕਿ ਮਨਪ੍ਰੀਤ ਸਿੰਘ ਪੀੜਤਾ ਦੀ ਮਾਂ ਨੂੰ ਧਮਕਾਇਆ ਕਿ ਉਸ ਦਾ ਬੇਟਾ ਮੋਟਰ ਸਾਈਕਲ 'ਤੇ ਇਕੱਲਾ ਹੀ ਬਾਹਰ ਜਾਂਦਾ ਹੈ। ਜੇਕਰ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਤਾ ਉਸ ਦੇ ਬੇਟੇ ਦੀ ਹੱਤਿਆ ਕਰ ਦਿੱਤੀ ਜਾਵੇਗੀ। ਉਸ ਦਾ ਮੋਟਰ ਸਾਈਕਲ ਹੀ ਵਾਪਸ ਆਵੇਗਾ।

Posted By: Jagjit Singh