ਰਵੀ ਖਹਿਰਾ, ਖਡੂਰ ਸਾਹਿਬ : ਸੋਮਵਾਰ ਨੂੰ ਖਡੂਰ ਸਾਹਿਬ 'ਚ ਪ੍ਰੇਮੀ ਜੋੜਾ ਵਿਆਹ ਕਰਾਵਉਣ ਦੀ ਮੰਗ ਮਨਵਾਉਣ ਵਾਸਤੇ ਛੱਪੜ ਵਿਚ ਛਾਲ ਮਾਰ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਡੂੰਘੇ ਪਾਣੀ ਵਿਚ ਜਾਂਦੇ ਅਤੇ ਕੋਈ ਜਾਨੀ ਨੁਕਸਾਨ ਹੁੰਦਾ, ਇਸ ਤੋਂ ਪਹਿਲਾਂ ਹੀ ਮੌਕੇ 'ਤੇ ਪੁੱਜੀ ਪੁਲਿਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋਵਾਂ ਨੂੰ ਬਾਹਰ ਕੱਢ ਲਿਆ। ਦੱਸਿਆ ਜਾ ਰਿਹਾ ਹੈ ਕਿ ਛੱਪੜ ਵਿਚ ਵੜਨ ਵਾਲੀ ਲੜਕੀ ਹਾਲੇ ਨਾਬਾਲਿਗ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਖਡੂਰ ਸਾਹਿਬ 'ਚ ਰਹਿੰਦੇ ਇਕ ਨੌਜਵਾਨ ਦੇ ਇਸੇ ਪਿੰਡ ਵਿਚ ਰਹਿ ਰਹੀ ਲੜਕੀ ਨਾਲ ਪ੍ਰੇਮ ਸਬੰਧ ਬਣ ਗਏ ਸਨ। ਦੋਵਾਂ ਨੂੰ ਜਦੋਂ ਵਿਆਹ ਹੁੰਦਾ ਦਿਖਾਈ ਨਾ ਦਿੱਤਾ ਤਾਂ ਸੋਮਵਾਰ ਨੂੰ ਦੋਵਾਂ ਨੇ ਪਿੰਡ ਦੇ ਬਾਹਰਵਾਰ ਵੇਂਈਪੂਈਂ ਰੋਡ 'ਤੇ ਛੱਪੜ ਵਿਚ ਛਾਲ ਮਾਰ ਦਿੱਤੀ।

ਇਸ ਤੋਂ ਪਹਿਲਾਂ ਕਿ ਇਹ ਲੋਕ ਆਪਣੇ ਆਪ ਨੂੰ ਡੂੰਘੇ ਪਾਣੀ ਵੱਲ ਲੈ ਕੇ ਜਾਂਦੇ ਆਸ ਪਾਸ ਦੇ ਲੋਕ ਛੱਪੜ ਕੰਢੇ ਪਹੁੰਚ ਗਏ ਅਤੇ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਮੌਕੇ 'ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਚੌਂਕੀ ਖਡੂਰ ਸਾਹਿਬ ਦੇ ਇੰਚਾਰਜ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਖਡੂਰ ਸਾਹਿਬ ਦੇ 20 ਸਾਲਾ ਨੌਜਵਾਨ ਦੇ 17 ਸਾਲਾਂ ਲੜਕੀ ਨਾਲ ਪ੍ਰੇਮ ਸਬੰਧ ਸਨ। ਇਹ ਲੜਕੀ ਪਿੰਡ ਪਲਾਸੌਰ ਦੀ ਰਹਿਣ ਵਾਲੀ ਹੈ ਅਤੇ ਮੌਜੂਦਾ ਸਮੇਂ ਖਡੂਰ ਸਾਹਿਬ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦੀ ਹੈ। ਇਹ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਇਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਮਨ੍ਹਾਂ ਕਰ ਦਿੱਤਾ। ਜਿਸਦੇ ਚੱਲਦਿਆਂ ਇੰਨ੍ਹਾਂ ਨੇ ਆਪਣੀ ਮੰਗ ਮਨਵਾਉਣ ਲਈ ਛੱਪੜ 'ਚ ਛਾਲ ਮਾਰ ਦਿੱਤੀ। ਜਿੰਨ੍ਹਾਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਹਰ ਕੱਢ ਕਿ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Posted By: Sunil Thapa