ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : 'ਮੇਰੀ ਧੀ ਦਾ ਹੱਸਦਾ ਵੱਸਦਾ ਘਰ ਉਜਾੜਨ ਵਾਲੇ ਭਿੰਦਿਆ ਤੇਰਾ ਵੀ ਇੱਦਾਂ ਹੀ ਸਿਵਾ ਬਲੇ...।' ਭਾਰਤ-ਪਾਕਿ ਸਰਹੱਦ ਤੇ ਵਸੇ ਪਿੰਡ ਨੌਸ਼ਹਿਰਾ ਢਾਲਾ 'ਚ ਐਤਵਾਰ ਨੂੰ ਅਣਖ ਖਾਤਰ ਕਤਲ ਕੀਤੇ ਗਏ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਦੀਆਂ ਲਾਸ਼ਾਂ ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਿੰਡ ਪੁੱਜੀਆਂ ਤਾਂ ਅਮਨਪ੍ਰੀਤ ਕੌਰ ਦੀ ਮਾਂ ਹਰਜਿੰਦਰ ਕੌਰ ਵੱਲੋਂ ਕੀਤੇ ਜਾ ਰਹੇ ਇਸ ਵਿਰਲਾਪ ਨੇ ਹਰ ਅੱਖ ਨੂੰ ਨਮ ਕਰ ਦਿੱਤਾ।


ਇਕ ਸਾਲ ਪਹਿਲਾਂ ਵਿਆਹ ਬੰਧਨ ਵਿਚ ਬੱਝੇ ਅਮਨਦੀਪ ਤੇ ਅਮਨਪ੍ਰੀਤ ਨੂੰ ਇਕ ਹੀ ਚਿਖਾ 'ਚ ਅੱਗ ਦੇ ਸਪੁਰਦ ਕੀਤਾ ਗਿਆ। ਚਿਖਾ ਨੂੰ ਅਗਨ ਭੇਟ ਕਰਦਿਆਂ ਅਮਨਦੀਪ ਸਿੰਘ ਦਾ ਪਿਤਾ ਸੁਖਦੇਵ ਸਿੰਘ ਵੀ ਫੁੱਟ ਫੁੱਟ ਕੇ ਰੋ ਰਿਹਾ ਸੀ।

ਪਿੰਡ ਨੌਸ਼ਹਿਰਾ ਢਾਲਾ ਵਾਸੀ ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਕਰੀਬ ਇਕ ਸਾਲ ਪਹਿਲਾਂ ਪਿੰਡ ਗਹਿਰੀ ਦੇ ਅਮਰਜੀਤ ਸਿੰਘ ਧੀ ਅਮਨਪ੍ਰੀਤ ਕੌਰ ਨਾਲ ਅਦਾਲਤੀ ਵਿਆਹ ਕਰਵਾਇਆ ਸੀ। ਇਕ ਸਾਲ ਤੋਂ ਇਹ ਦੋਵੇਂ ਖ਼ੁਸ਼ੀ ਨਾਲ ਜੀਵਨ ਬਤੀਤ ਕਰ ਰਹੇ ਸਨ। ਕੁਝ ਸਮਾਂ ਲੰਘਣ ਤੋਂ ਬਾਅਦ ਅਮਨਪ੍ਰੀਤ ਕੌਰ ਦੇ ਮਾਪਿਆਂ ਨੇ ਵੀ ਇਨ੍ਹਾਂ ਨਾਲ ਮੇਲ-ਮਿਲਾਪ ਕਰ ਲਿਆ। ਨਰਸਿੰਗ ਦਾ ਕੋਰਸ ਕਰਨ ਵਾਲੀ ਅਮਨਪ੍ਰੀਤ ਕੌਰ ਨੇ ਹਾਲ ਹੀ ਵਿਚ ਆਈਲੈਟਸ ਦਾ ਟੈਸਟ ਪਾਸ ਕਰਦਿਆਂ ਸੱਤ ਬੈਂਡ ਲਏ ਸਨ। ਦੋਵੇਂ ਜੀਅ ਕੈਨੇਡਾ ਜਾਣ ਦੀ ਤਿਆਰੀ ਹੀ ਕਰ ਰਹੇ ਸਨ ਕਿ ਅਮਨਪ੍ਰੀਤ ਕੌਰ ਦੇ ਤਾਏ ਤੇ ਉਸ ਦੇ ਲੜਕਿਆਂ ਨੇ ਉਸਦੇ ਪ੍ਰੇਮ ਵਿਆਹ 'ਤੇ ਨਾਖ਼ੁਸ਼ੀ ਜਾਹਿਰ ਕਰਦਿਆਂ ਐਤਵਾਰ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਮੰਗਲਵਾਰ ਨੂੰ ਫੌਰੰਸਿਕ ਮਾਹਿਰਾਂ ਦੀ ਦੇਖ ਰੇਖ ਹੇਠ ਗੁਰੂ ਨਾਨਕ ਮੈਡੀਕਲ ਕਾਲਜ ਵਿਖੇ ਕੀਤਾ ਗਿਆ।

ਦੁਪਹਿਰ ਕਰੀਬ ਦੋ ਵਜੇ ਦੋਵਾਂ ਦੀਆਂ ਲਾਸ਼ਾਂ ਪਿੰਡ ਨੌਸ਼ਹਿਰਾ ਢਾਲਾ ਪੁੱਜੀਆਂ। ਅਮਨਦੀਪ ਤੇ ਅਮਨਪ੍ਰੀਤ ਕੌਰ ਲਈ ਇਕ ਹੀ ਚਿਖਾ ਚਿਣੀ ਗਈ ਸੀ, ਜਿਸ ਨੂੰ ਅਮਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਅਗਨੀ ਦਿਖਾਈ। ਇਸ ਮੌਕੇ 'ਤੇ ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ, ਮਾਂ ਹਰਜਿੰਦਰ ਕੌਰ ਨੇ ਕਿਹਾ ਕਿ ਉਸਦੀ ਧੀ ਦਾ ਹੱਸਦਾ ਵੱਸਦਾ ਘਰ ਉਜਾੜਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਮਨਦੀਪ ਸਿੰਘ ਦੇ ਦੁਬਈ ਤੋਂ ਪਰਤੇ ਭਰਾ ਸਾਹਿਬ ਸਿੰਘ ਨੇ ਕਿਹਾ ਕਿ ਉਹ ਅਮਨ ਦੇ ਵਿਆਹ 'ਤੇ ਕੁਝ ਦਿਨ ਰਹਿ ਕੇ ਗਿਆ ਸੀ।

ਹਾਲਾਤ ਇਹ ਸਨ ਕਿ ਸਭ ਤੋਂ ਛੋਟੇ ਭਰਾ ਦੇ ਵਿਆਹ ਦੀ ਬਹੁਤੀ ਖ਼ੁਸ਼ੀ ਵੀ ਨਹੀਂ ਮਨਾਈ ਜਾ ਸਕੀ ਅਤੇ ਅੱਜ ਇਕ ਸਾਲ ਬਾਅਦ ਉਸ ਨੂੰ ਆਪਣੇ ਭਰਾ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਹੋਣ ਲਈ ਆਉਣਾ ਪਿਆ ਹੈ। ਅਮਨਦੀਪ ਸਿੰਘ ਦੀ ਮਾਂ ਰਾਜ ਕੌਰ ਨੇ ਕਿਹਾ ਕਿ ਉਸਦੇ ਪੁੱਤ ਤੇ ਨੂੰਹ ਦੇ ਕਾਤਲਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਸਰਪੰਚ ਜਗਬੀਰ ਸਿੰਘ ਟਿੰਮੀ, ਕੇਹਰ ਸਿੰਘ ਸਰਪੰਚ, ਗੁਰਭਾਗ ਸਿੰਘ ਭਾਗਾ, ਦਿਲਬਾਗ ਸਿੰਘ ਨੌਸ਼ਹਿਰਾ ਢਾਲਾ ਆਦਿ ਸਮੇਤ ਪਿੰਡ ਵਾਸੀ ਮੌਜੂਦ ਸਨ।


ਜਲਦ ਗ੍ਰਿਫਤਾਰ ਕੀਤੇ ਜਾਣਗੇ ਮੁਲਜ਼ਮ- ਡੀਐੱਸਪੀ

ਡੀਐੱਸਪੀ ਕੰਵਲਜੀਤ ਸਿੰਘ ਦਾ ਕਹਿਣਾ ਹੈ ਕਿ ਕਤਲ ਦੇ ਇਸ ਮਾਮਲੇ ਵਿਚ 9 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਨ੍ਹਾਂ 'ਚੋਂ ਮੇਵਾ ਸਿੰਘ, ਗੁਰਭਿੰਦਰ ਸਿੰਘ, ਹਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਅਮਰਜੀਤ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਆਪਣੇ ਘਰਾਂ ਤੋਂ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Posted By: Jagjit Singh