ਜੇਐਨਐਨ, ਅੰਮ੍ਰਿਤਸਰ : ਅੰਮ੍ਰਿਤਸਰ ਸ਼ਹਿਰ ਦੇ ਬਾਜ਼ਾਰ ਕਾਠੀਆਂ ਵਿਚ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ ਬੁੱਧਵਾਰ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਵੀਹ ਮਿੰਟ ਬਾਅਦ ਹੀ ਫਾਇਰ ਬ੍ਰਿਗੇਡ ਦਾ ਅਮਲਾ ਮੌਕੇ ਉਤੇ ਪਹੁੰਚ ਗਿਆ ਅਤੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਪੰਜ ਵਜੇ ਬੈਂਕ ਦੀ ਇਮਾਰਤ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।ਉਨ੍ਹਾਂ ਨੇ ਤੁਰੰਤ ਇਮਾਰਤ ਦੇ ਮਾਲਕ ਰਾਕੇਸ਼ ਕੁਮਾਰ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਕੁਝ ਹੀ ਦੇਰ ਵਿੱਚ ਬੈਂਕ ਦੇ ਅਧਿਕਾਰੀ ਘਟਨਾ ਵਾਲੀ ਥਾਂ ਉਤੇ ਪੁੱਜ ਗਏ ਅਤੇ ਬੈਂਕ ਦਾ ਦਰਵਾਜ਼ਾ ਖੁੱਲ੍ਹਵਾ ਕੇ ਅੱਗ ਬੁਝਾਉਣ ਦੇ ਯਤਨ ਆਰੰਭ ਕਰ ਦਿੱਤੇ। ਇਸੇ ਦੌਰਾਨ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੌਕੇ ਉਤੇ ਪੁੱਜ ਗਈਆਂ ਤੇ ਅੱਧੇ ਘੰਟੇ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ। ਅੱਗ ਬੁਝਾਉਣ ਦੀ ਮੁਹਿੰਮ ਦੌਰਾਨ ਫਾਇਰ ਬ੍ਰਿਗੇਡ ਨੇ ਇਲਾਕੇ ਦੀ ਬਿਜਲੀ ਕੁਝ ਦੇਰ ਲਈ ਬੰਦ ਕਰਵਾ ਦਿੱਤੀ।

Posted By: Sunil Thapa