ਦਿਲਬਾਗ ਰਾਣੇਵਾਲੀ, ਰਾਜਾਸਾਂਸੀ: ਹਲਕਾ ਰਾਜਾਸਾਸੀ ਦੇ ਅਧੀਨ ਆਉਂਦੇ ਪਿੰਡ ਮੱਲੂਨੰਗਲ ਦਾ ਇਕ ਵਿਅਕਤੀ ਜੋ ਕਿਸੇ ਮੁਕੱਦਮੇ ਸੰਬੰਧੀ ਥਾਣਾ ਰਾਜਾਸਾਸੀ ਦੀ ਹਵਾਲਾਤ ਵਿਚ ਬੰਦ ਸੀ ਪਰ ਜਦ ਪੁਲਿਸ ਵੱਲੋਂ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਤਾਂ ਉਕਤ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਕਾਰਨ ਸਾਰੇ ਥਾਣੇ ਵਿਚ ਇਕਦਮ ਸੰਨਾਟਾ ਛਾ ਗਿਆ ਹੈ ਅਤੇ ਸਾਰੇ ਪੁਲਿਸ ਮੁਲਾਜ਼ਮਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਨਮੀਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੱਲੂਨੰਗਲ ਵਾਸੀ ਇਕ ਵਿਅਕਤੀ 325-379 ਬੀ ਮੁਕਦਮੇ ਅਧੀਨ ਪੁਲਿਸ ਹਿਰਾਸਤ 'ਚ ਲਿਆ ਹੋਇਆ ਸੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੇਲ੍ਹ ਵਿੱਚ ਭੇਜਣ ਤੋਂ ਪਹਿਲਾਂ ਜਦ ਉਕਤ ਵਿਅਕਤੀ ਦਾ ਚੈੱਕਅਪ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੇਟਿਵ ਆਇਆ ਹੈ।

ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਸ ਕੇਸ ਦੀ ਜਾਂਚ ਕਰਦੇ ਅਤੇ ਮੈਡੀਕਲ ਕਰਵਾਉਣ ਗਏ ਸਾਰੇ ਪੁਲਿਸ ਮੁਲਾਜ਼ਮਾਂ ਦਾ ਟੈਸਟ ਕਰਵਾਇਆ ਜਾਵੇਗਾ ਅਤੇ ਉਕਤ ਦੋਸ਼ੀ ਨੂੰ ਪੁਲਿਸ ਹਿਰਾਸਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਵਿਚ 14 ਦਿਨਾਂ ਦੀ ਇਕਾਂਤਵਾਸ ਲਈ ਭੇਜ ਦਿੱਤਾ ਗਿਆ ਹੈ।

ਇਸ ਸਬੰਧੀ ਡਾਕਟਰ ਦਲਵੀਰ ਸਿੰਘ ਮੈਡੀਕਲ ਅਵਸਰ ਰਮਦਾਸ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਪਾਜ਼ੇਟਿਵ ਮਰੀ ਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਵਿੱਚ 14 ਦਿਨਾਂ ਲਈ ਇਕਾਂਤਵਾਸ ਕਰ ਦਿੱਤਾ ਗਿਆ ਹੈ।

Posted By: Jagjit Singh