ਜ.ਸ, ਅੰਮਿ੍ਤਸਰ : ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਲੋਕਾਂ ਨੂੰ ਸਰਕਾਰੀ ਕਣਕ ਵੰਡਣ ਲਈ ਡਿਪੂ ਹੋਲਡਰ ਤੋਂ ਰਿਸ਼ਵਤ ਮੰਗਣ ਵਾਲੇ ਹਲਕਾ ਕੇਂਦਰੀ ਦੀ ਵਾਰਡ ਨੰਬਰ 55 ਦੇ ਸਰਕਲ ਇੰਚਾਰਜ ਸੰਜੀਵ ਬੱਬਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਰੇਸ਼ ਭਗਤ ਦੀ ਮੈਂਬਰਸ਼ਿਪ ਵੀ ਰੱਦ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਬਲਾਕ ਇੰਚਾਰਜ ਅਸ਼ਵਨੀ ਕੁਮਾਰ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਦੇ ਭਲੇ ਲਈ ਕੰਮ ਕਰ ਰਹੀ ਹੈ। ਕਿਸੇ ਵੀ ਤਰ੍ਹਾਂ ਦਾ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੋਮਵਾਰ ਨੂੰ ਨਿਊ ਅੰਮਿ੍ਤਸਰ ਸਥਿਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਕੱਤਰ ਜਸਪ੍ਰਰੀਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਕਈ ਅਹਿਮ ਫ਼ੈਸਲੇ ਲਏ ਗਏ। ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਦਿਨੀਂ ਵਾਰਡ ਨੰਬਰ 55 ਤੋਂ ਅੰਮਿ੍ਤਸਰ ਹਲਕਾ ਸੈਂਟਰਲ ਨੂੰ ਕਣਕ ਦੀ ਅਲਾਟਮੈਂਟ ਸਬੰਧੀ ਡਿਪੂ ਹੋਲਡਰਾਂ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਆਡੀਓ ਰਿਕਾਰਡਿੰਗ ਦੇ ਆਧਾਰ 'ਤੇ ਜਾਂਚ ਕੀਤੀ ਗਈ ਹੈ ਜਿਸ 'ਚ ਪਾਰਟੀ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਹਲਕਾ ਕੇਂਦਰੀ ਦੇ ਵਾਰਡ ਨੰਬਰ 55 ਦੇ ਡਿਪੂ ਹੋਲਡਰ ਦੀ ਆਡੀਓ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋਈ ਸੀ ਜਿਸ ਵਿਚ 'ਆਪ' ਆਗੂ ਸਰਕਾਰੀ ਕਣਕ ਵੰਡਣ ਬਦਲੇ 10,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰ ਤੋਂ ਕਣਕ ਵਿਚ ਹਿੱਸਾ ਵੀ ਮੰਗਿਆ ਜਾ ਰਿਹਾ ਸੀ। ਉਨ੍ਹਾਂ ਦੀ ਗੱਲਬਾਤ ਦਾ ਆਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਅਤੇ ਇਸ ਦੀ ਸ਼ਿਕਾਇਤ 'ਆਪ' ਦੇ ਸੀਨੀਅਰ ਆਗੂਆਂ ਤਕ ਪਹੁੰਚ ਗਈ ਸੀ।