ਸਟਾਫ ਰਿਪੋਰਟਰ, ਅੰਮਿ੍ਤਸਰ : ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਊਢੀ ਦੇ 1835 ਈਸਵੀਂ ਵਿਚ ਲਾਏ ਦਰਵਾਜ਼ੇ ਜੋ ਕਰੀਬ 175 ਸਾਲਾਂ ਤਕ ਸੁਸ਼ੋਭਿਤ ਰਹੇ ਹਨ, ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਦਰਸ਼ਨੀ ਡਿਊਢੀ ਦੇ ਇਤਿਹਾਸਕ ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਲਾਏ ਗਏ ਸਨ। ਨਵੇਂ ਤਿਆਰ ਕੀਤੇ ਗਏ ਦਰਵਾਜ਼ਿਆਂ ਦੀ ਸਥਾਪਨਾ ਸ਼ੋ੍ਮਣੀ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਪਾਸੋਂ ਕਾਰ ਸੇਵਾ ਰਾਹੀਂ ਕਰਵਾਈ ਹੈ। ਹਾਥੀ ਦੰਦ ਦੀ ਵਰਤੋਂ 'ਤੇ ਪਾਬੰਦੀ ਹੋਣ ਕਾਰਨ ਨਵੇਂ ਦਰਵਾਜ਼ਿਆਂ ਵਿਚ ਸਮੁੰਦਰੀ ਸਿੱਪੀ ਦੀ ਵਰਤੋਂ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਦਰਵਾਜ਼ਿਆਂ ਨੂੰ ਹੂ-ਬ-ਹੂ ਬਣਾਉਣ ਲਈ ਕਾਰ ਸੇਵਾ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਨੂੰ 4 ਜੁਲਾਈ 2010 ਨੂੰ ਸੌਂਪੀ ਸੀ। ਆਰਜ਼ੀ ਤੌਰ 'ਤੇ ਸਾਗਵਾਨ ਲੱਕੜ ਤੇ ਲੋਹੇ (ਸਟੀਲ) ਦੀ ਚੱਦਰ ਨਾਲ ਤਿਆਰ ਕੀਤੇ ਦਰਵਾਜ਼ੇ ਉਸ ਸਮੇਂ ਲਾ ਦਿੱਤੇ ਸਨ। ਨਵੇਂ ਦਰਵਾਜ਼ਿਆਂ 'ਤੇ ਕਾਲੀ ਟਾਹਲੀ ਦੀਆਂ ਤਕਰੀਬਨ 10 ਸ਼ਤੀਰੀਆਂ, 100 ਕਿੱਲੋ ਚਾਂਦੀ ਤੇ 110 ਕਿੱਲੋ ਦੇ ਕਰੀਬ ਹਾਥੀ ਦੰਦ, ਜਿਸ ਨੂੰ ਤਰਾਸ਼ ਕੇ ਸੋਨੇ ਦੀਆਂ ਮੇਖਾਂ ਨਾਲ ਜੜਨਾ ਸੀ, ਇਸ ਦੀ ਥਾਂ ਸਿੱਪੀਆਂ ਦੀ ਵਰਤੋਂ ਕੀਤੀ ਗਈ ਸੀ। ਦਰਵਾਜ਼ਿਆਂ ਤੇ ਲੱਕੜ ਤੇ ਚਾਂਦੀ ਦਾ ਕਾਰਜ ਜੁਲਾਈ 2013 ਵਿਚ ਹੋ ਚੁੱਕਾ ਸੀ ਤੇ ਇਸ ਉੱਪਰ ਹੋਣ ਵਾਲੇ ਹਾਥੀ ਦੰਦ ਦਾ ਕੰਮ ਜਾਰੀ ਸੀ। ਫਿਰ ਹਾਥੀ ਦੰਦ ਵਰਤਣ 'ਤੇ ਪਾਬੰਦੀ ਹੋਣ ਕਾਰਨ ਕਮੇਟੀ ਨੇ ਸਿੱਪੀਆਂ ਲਾਉਣ ਦਾ ਮਨ ਬਣਾਇਆ ਸੀ, ਜਿਸ ਦੀ ਸੇਵਾ 6 ਅਕਤੂਬਰ 2018 ਨੂੰ ਮੁਕੰਮਲ ਹੋਈ ਸੀ। ਉਸ ਤੋਂ ਬਾਅਦ ਪੁਰਾਤਨ ਦਰਵਾਜ਼ੇ 4 ਜੁਲਾਈ 2010 ਤੋਂ ਪਰਿਕਰਮਾ ਦੇ ਬਰਾਂਡੇ ਵਿਚ ਰੱਖੇ ਹੋਏ ਸਨ।