ਰਾਜਿੰਦਰ ਸਿੰਘ ਰੂਬੀ, ਅੰਮ੍ਰਿਤਸਰ : ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਅਤੇ ਭਾਰਤ ’ਚ ਪਹਿਲੀ ਵਾਰ ਆਯੋਜਤ ਹੋਣ ਜਾ ਰਹੀ 44ਵੀਂ ਚੈੱਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ ਅੱਜ ਵਾਹਗਾ ਬਾਰਡਰ ਪੁੱਜੀ। ਖੁੱਲ੍ਹੀ ਜੀਪ ’ਚ ਸਵਾਰ ਚੈੱਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਦੇ ਹੱਥ ’ਚ ਫੜੀ ਇਸ ਸ਼ਤਰੰਜ ਮਸ਼ਾਲ ਦਾ ਇੱਥੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਐਨ.ਆਈ.ਐਸ, ਖਿਡਾਰੀਆਂ, ਵਿਦਿਆਰਥੀਆਂ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਅਤੇ ਪੰਜਾਬ ਸਟੇਟ ਚੈੱਸ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਭੰਗੜੇ ਦੀ ਵਧੀਆ ਪੇਸ਼ਕਾਰੀ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਮਸ਼ਾਲ ਦਾ ਸਵਾਗਤ ਤੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਖੇਡਾਂ, ਖਿਡਾਰੀਆਂ ਨੂੰ ਪ੍ਰਫੁਲਤ ਕਰਨ ਦੇ ਨਾਲ-ਨਾਲ ਸੂਬੇ ’ਚ ਖੇਡਾਂ ਲਈ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਸਕੂਲੀ ਪੱਧਰ ਤੋਂ ਹੀ ਖੇਡਾਂ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਚੈਸ ਮਸ਼ਾਲ, ਸ਼ਤਰੰਜ ਖੇਡ ਲਈ ਇੱਕ ਨਵੀਂ ਸ਼ੁਰੂਆਤ ਹੈ, ਜੋ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਹੋਰ ਉਤਸ਼ਾਹਤ ਕਰ ਰਹੀ ਹੈ ਸ੍ਰੀ ਸੂਦਨ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਚੈੱਸ ਓਲੰਪਆਡ ਮਸ਼ਾਲ ਇੱਥੇ ਪੁਜੀ ਹੈ। ਉਨ੍ਹਾਂ ਕਿਹਾ ਕਿ ਇਸ ਮਸ਼ਾਲ ਨੇ ਸਾਡੇ ਨੌਜਵਾਨਾਂ ’ਚ ਖੇਡਾਂ ਤੇ ਖਾਸ ਕਰਕੇ ਚੈੱਸ ਪ੍ਰਤੀ ਜੋਸ਼ ਭਰਿਆ ਹੈ। ਡਿਪਟੀ ਕਮਿਸ਼ਨਰ ਨੇ ਚੈੱਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨੂੰ ਵਾਪਸ ਮਸ਼ਾਲ ਦਿੱਤੀ ਅਤੇ ਇਹ ਅਗਲੇ ਪੜਾਅ ਕੁਰਕੂਸ਼ੇਤਰ ਲਈ ਰਵਾਨਾ ਹਵੇਗੀ।

ਇਸ ਦੌਰਾਨ ਵਾਹਗਾ ਬਾਰਡਰ ਵਿਖੇ ਚੈੱਸ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨੇ ਛੋਟੀ ਉਮਰ ਦੇ ਖਿਡਾਰੀਆਂ ਨਾਲ ਚੈੱਸ ਬੋਰਡ ’ਤੇ ਚੈੱਸ ਖੇਡ ਕੇ ਬੱਚਿਆਂ ਨੂੰ ਸ਼ਤਰੰਜ ਖੇਡਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਸ਼ਤਰੰਜ ਉਲੰਪੀਆਡ ਮਸ਼ਾਲ ਗ੍ਰੈਂਡ ਮਾਸਟਰ ਦੀਪ ਸੇਨ ਗੁਪਤਾ ਨੂੰ ਸੌਂਪਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰੰਘ, ਐੱਸਡੀਐੱਮ ਸ੍ਰੀ ਹਰਪ੍ਰੀਤ ਸਿੰਘ, ਬੀਐੱਸਐੱਫ ਕਮਾਂਡੈਂਟ ਸ੍ਰੀ ਜਸਬੀਰ ਸਿੰਘ, ਪੰਜਾਬ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਥਾਪਰ, ਅੰਮ੍ਰਿਤਸਰ ਚੈਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਦਾਨਿਸ਼ ਅਤੇ ਹੋਰ ਅਧਿਕਾਰੀ ਮੌਜੂਦ ਸਨ।

Posted By: Jagjit Singh