ਪੰਜਾਬ 'ਚ ਭਿਆਨਕ ਗਰਮੀ ਦਾ ਕਹਿਰ: 48 ਘੰਟੇ ਲੂ ਦਾ ਯੈਲੋ ਅਲਰਟ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ; ਜਾਣੋ ਕਦੋਂ ਪਵੇਗਾ ਮੀਂਹ!
ਪੰਜਾਬ 'ਚ ਅਗਲੇ ਦੋ ਦਿਨਾਂ ਤੱਕ ਅੱਤ ਦੀ ਗਰਮੀ ਅਤੇ ਲੂ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਚਿਤਾਵਨੀ ਅਨੁਸਾਰ, 9 ਅਤੇ 10 ਜੂਨ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਲੂ (ਹੀਟ ਵੇਵ) ਚੱਲਣ ਦੀ ਸ਼ੰਕਾ ਹੈ। ਖ਼ਾਸ ਕਰਕੇ ਦੱਖਣ-ਪੱਛਮੀ ਅਤੇ ਮੱਧ ਹਿੱਸਿਆਂ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਇਹਨਾਂ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
Publish Date: Tue, 09 Jun 2026 11:01 AM (IST)
Updated Date: Tue, 09 Jun 2026 11:03 AM (IST)

ਡਿਜੀਟਲ ਡੈਸਕ, ਅੰਮ੍ਰਿਤਸਰ: ਪੰਜਾਬ 'ਚ ਅਗਲੇ ਦੋ ਦਿਨਾਂ ਤੱਕ ਅੱਤ ਦੀ ਗਰਮੀ ਅਤੇ ਲੂ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਚਿਤਾਵਨੀ ਅਨੁਸਾਰ, 9 ਅਤੇ 10 ਜੂਨ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਲੂ (ਹੀਟ ਵੇਵ) ਚੱਲਣ ਦੀ ਸ਼ੰਕਾ ਹੈ। ਖ਼ਾਸ ਕਰਕੇ ਦੱਖਣ-ਪੱਛਮੀ ਅਤੇ ਮੱਧ ਹਿੱਸਿਆਂ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਇਹਨਾਂ ਇਲਾਕਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਪਰ, ਜਲਦ ਹੀ ਰਾਹਤ ਮਿਲਦੀ ਵੀ ਦਿਖਾਈ ਦੇ ਰਹੀ ਹੈ। ਸੂਬੇ 'ਚ 11 ਜੂਨ ਤੋਂ ਵੈਸਟਰਨ ਡਿਸਟਰਬੈਂਸ (ਪੱਛਮੀ ਵਿਘਨ) ਦਾ ਅਸਰ ਦੇਖਣ ਨੂੰ ਮਿਲੇਗਾ, ਜਿਸ ਨਾਲ ਮੌਸਮ 'ਚ ਵੱਡੀ ਤਬਦੀਲੀ ਆਵੇਗੀ। ਇਸ ਨਾਲ ਗਰਮੀ ਤੋਂ ਰਾਹਤ ਤਾਂ ਮਿਲੇਗੀ ਹੀ, ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ। ਦੂਜੇ ਪਾਸੇ, ਫਿਲਹਾਲ ਲਗਾਤਾਰ ਪੈ ਰਹੀ ਗਰਮੀ ਕਾਰਨ ਪਠਾਨਕੋਟ ਅਤੇ ਮੋਹਾਲੀ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਦੇ ਪਾਰ ਪਹੁੰਚ ਚੁੱਕਾ ਹੈ।
ਆਮ ਨਾਲੋਂ 2.3 ਡਿਗਰੀ ਗਰਮ ਰਿਹਾ ਪੰਜਾਬ
ਮੌਸਮ ਵਿਭਾਗ ਵੱਲੋਂ ਸੋਮਵਾਰ ਸ਼ਾਮ ਜਾਰੀ ਜਾਣਕਾਰੀ ਅਨੁਸਾਰ ਸੂਬੇ ਦੇ ਤਾਪਮਾਨ 'ਚ ਤਕਰੀਬਨ 1 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸ ਕਾਰਨ ਸੂਬੇ ਦਾ ਔਸਤਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.3 ਡਿਗਰੀ ਜ਼ਿਆਦਾ ਦਰਜ ਕੀਤਾ ਗਿਆ। ਪੰਜਾਬ 'ਚ ਸਭ ਤੋਂ ਗਰਮ ਸ਼ਹਿਰ ਰੂਪਨਗਰ ਰਿਹਾ। ਰੂਪਨਗਰ ਦੇ ਸ੍ਰੀ ਅਨੰਦਪੁਰ ਸਾਹਿਬ 'ਚ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ, ਅੰਮ੍ਰਿਤਸਰ ਸ਼ਹਿਰ ਦਾ ਤਾਪਮਾਨ 41.8 ਡਿਗਰੀ, ਲੁਧਿਆਣਾ 'ਚ 42 ਡਿਗਰੀ, ਬਠਿੰਡਾ 'ਚ 44.3 ਡਿਗਰੀ, ਫਾਜ਼ਿਲਕਾ 'ਚ 42.6 ਡਿਗਰੀ, ਫ਼ਿਰੋਜ਼ਪੁਰ 'ਚ 41 ਡਿਗਰੀ ਅਤੇ ਮੋਹਾਲੀ ਤੇ ਪਠਾਨਕੋਟ 'ਚ 39.7 ਡਿਗਰੀ ਦਰਜ ਕੀਤਾ ਗਿਆ।
ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਜਾਰੀ ਪੂਰਵ-ਅਨੁਮਾਨ ਮੁਤਾਬਕ 9 ਜੂਨ ਨੂੰ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਸਮੇਤ ਕੁਝ ਜ਼ਿਲ੍ਹਿਆਂ 'ਚ ਲੂ ਦੀ ਸਥਿਤੀ ਬਣੀ ਰਹਿ ਸਕਦੀ ਹੈ। 10 ਜੂਨ ਨੂੰ ਗਰਮੀ ਦਾ ਦਾਇਰਾ ਹੋਰ ਵਧਣ ਦੀ ਸੰਭਾਵਨਾ ਹੈ ਅਤੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਤਾਪਮਾਨ ਉੱਚਾ ਰਹਿ ਸਕਦਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਲਗਾਤਾਰ ਤੇਜ਼ ਧੁੱਪ ਅਤੇ ਖੁਸ਼ਕ ਹਵਾਵਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਵਧੇਰੇ ਪਰੇਸ਼ਾਨੀ ਝੱਲਣੀ ਪੈ ਸਕਦੀ ਹੈ।
ਹਾਲਾਂਕਿ 11 ਜੂਨ ਤੋਂ ਮੌਸਮ ਬਦਲਣ ਦੇ ਸੰਕੇਤ ਮਿਲਣ ਲੱਗੇ ਹਨ। ਪੱਛਮੀ ਵਿਘਨ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਕਈ ਹਿੱਸਿਆਂ 'ਚ ਬੱਦਲ ਛਾਉਣ, ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 11 ਜੂਨ ਨੂੰ ਕਈ ਜ਼ਿਲ੍ਹਿਆਂ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਹੈ। ਕੁਝ ਖੇਤਰਾਂ 'ਚ ਹਵਾ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਵੀ ਪਹੁੰਚ ਸਕਦੀ ਹੈ।
12 ਜੂਨ ਨੂੰ ਵੀ ਮੌਸਮ ਦਾ ਇਹ ਬਦਲਿਆ ਹੋਇਆ ਰੁਖ਼ ਜਾਰੀ ਰਹਿਣ ਦੀ ਉਮੀਦ ਹੈ। ਸੂਬੇ ਦੇ ਉੱਤਰੀ, ਮੱਧ ਅਤੇ ਪੂਰਬੀ ਜ਼ਿਲ੍ਹਿਆਂ 'ਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਜਾ ਸਕਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਵੱਧ ਤੋਂ ਵੱਧ ਤਾਪਮਾਨ 'ਚ ਗਿਰਾਵਟ ਆਵੇਗੀ, ਜਿਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੇਗੀ।
9 ਜੂਨ ਤੋਂ 12 ਜੂਨ ਤੱਕ ਮੌਸਮ ਦਾ ਅਨੁਮਾਨ
9 ਜੂਨ: ਦੱਖਣ-ਪੱਛਮੀ ਜ਼ਿਲ੍ਹਿਆਂ 'ਚ ਲੂ ਦਾ ਯੈਲੋ ਅਲਰਟ।
10 ਜੂਨ: ਜ਼ਿਆਦਾਤਰ ਜ਼ਿਲ੍ਹਿਆਂ 'ਚ ਅੱਤ ਦੀ ਗਰਮੀ ਅਤੇ ਲੂ ਦਾ ਅਸਰ।
11 ਜੂਨ: ਪੱਛਮੀ ਵਿਘਨ ਸਰਗਰਮ, ਤੇਜ਼ ਹਵਾਵਾਂ ਅਤੇ ਗਰਜ-ਚਮਕ ਦੀ ਸੰਭਾਵਨਾ।
12 ਜੂਨ: ਕਈ ਜ਼ਿਲ੍ਹਿਆਂ 'ਚ ਮੀਂਹ, ਹਨੇਰੀ ਅਤੇ ਤਾਪਮਾਨ 'ਚ ਗਿਰਾਵਟ।