ਪ੍ਰਤਾਪ ਸਿੰਘ, ਤਰਨਤਾਰਨ : ਬਿਹਾਰ ਖੇਤੀਬਾੜੀ 'ਵਰਸਿਟੀ ਸੁਬੌਰ ਤੇ ਖੇਤੀਬਾੜੀ ਵਿਭਾਗ ਬਿਹਾਰ ਵੱਲੋਂ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ 'ਤੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਗਿਆਨ ਭਵਨ ਪਟਨਾ 'ਚ ਕਰਵਾਈ ਗਈ, ਜਿਸ 'ਚ ਫਸਲ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰ ਰਹੇ ਛੇ ਕਿਸਾਨਾਂ ਨੂੰ ਆਪਣੇ ਤਜਰਬੇ ਬਿਹਾਰ ਦੇ ਕਿਸਾਨਾਂ ਨਾਲ ਸਾਂਝੇ ਕਰਨ ਲਈ ਬੁਲਾਇਆ ਗਿਆ।

ਇਸ 'ਚ ਤਰਨਤਾਰਨ ਜ਼ਿਲ੍ਹੇ ਦੇ ਦੋ ਕਿਸਾਨਾਂ ਨੇ ਵੀ ਹਿੱਸਾ ਲਿਆ। ਤਰਨਤਾਰਨ ਦੇ ਪਿੰਡ ਮੁੰਡਾਪਿੰਡ ਦੇ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਕਣਕ ਦੀ ਕਾਸ਼ਤ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਬਾਬਾ ਸ਼ੇਰ ਸਿੰਘ ਵਾਸੀ ਪਿੰਡ ਕੋਟ ਬੁੱਢਾ ਨੇ ਦੱਸਿਆ ਕਿ ਉਹ ਕਿਵੇਂ ਕਸਟਮ ਹਾਇਰੰਗ ਸੈਂਟਰ ਤੋਂ ਹੈਪੀ ਸੀਡਰ ਲੈ ਕੇ ਕਣਕ ਦੀ ਬਿਜਾਈ ਕਰਦੇ ਹਨ ਅਤੇ ਲੋਕਾਂ ਨੂੰ ਵੀ ਇਹ ਤਕਨੀਕ ਅਪਣਾਉਣ ਲਈ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਦੋਵਾਂ ਕਿਸਾਨਾਂ ਨੂੰ ਬਠਿੰਡਾ ਤੇ ਲੁਧਿਆਣਾ ਜ਼ਿਲ੍ਹੇ ਤੋਂ ਆਏ ਦੋ ਹੋਰ ਕਿਸਾਨਾਂ ਨਾਲ ਬਿਹਾਰ ਦੇ ਖੇਤੀਬਾੜੀ ਮੰਤਰੀ ਡਾ. ਪ੍ਰਰੇਮ ਕੁਮਾਰ ਤੇ ਯੂਨੀਵਰਸਿਟੀ ਉੱਪ ਕੁਲਪਤੀ ਡਾ. ਏਕੇ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀ ਨਵਜੋਤ ਸਿੰਘ ਬਰਾੜ ਨੇ ਪਿਛਲੇ ਸਾਲ ਦੇ ਤਰਨਤਾਰਨ ਜ਼ਿਲ੍ਹੇ 'ਚ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੇ ਤਜਰਬੇ ਸਬੰਧੀ ਖੋਜ ਪੱਤਰ ਪੋਸਟਰ ਪ੍ਰਦਰਸ਼ਨੀ 'ਚ ਪ੍ਰਦਰਸ਼ਿਤ ਕੀਤਾ ਤੇ ਉਨ੍ਹਾਂ ਨੂੰ ਉੱਤਮ ਪੋਸਟਰ ਪੇਸ਼ਕਾਰੀ ਦਾ ਪੁਰਸਕਾਰ ਦਿੱਤਾ ਗਿਆ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਾ. ਰਾਜਬੀਰ ਸਿੰਘ ਲੁਧਿਆਣਾ, ਡਾ. ਹਰੀਸ਼ ਕੁਮਾਰ ਵਰਮਾ ਲੁਧਿਆਣਾ ਆਦਿ ਵੱਲੋਂ ਸਮੇਂ ਸਮੇਂ 'ਤੇ ਨਵੀਆਂ ਤਕਨੀਕਾਂ ਅਪਣਾਉਣ ਅਤੇ ਫਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਏਐਸ ਨੰਦਾ ਨੇ ਸਨਮਾਨਿਤ ਹੋਣ ਵਾਲੇ ਕਿਸਾਨਾਂ ਨੂੰ ਵਧਾਈ ਦਿੱਤੀ।