ਸੰਦੀਪ ਮਹਿਤਾ, ਖੇਮਕਰਨ : ਪ੍ਰੇਮ ਸਬੰਧਾਂ ਦੇ ਸ਼ੱਕ ’ਚ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਇਨੋਵਾ ਕਾਰ ਨਾਲ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਸਰਾ ਜ਼ਖ਼ਮੀ ਹੋ ਗਿਆ। ਇਹ ਘਟਨਾ ਸਰਹੱਦੀ ਪਿੰਡ ਭੂਰਾ ਕੋਹਨਾ ਦੇ ਬੱਸ ਅੱਡੇ ਕੋਲ ਮੁੱਖ ਸੜਕ ’ਤੇ ਵਾਪਰੀ, ਜਿਸ ਦਾ ਸ਼ਿਕਾਰ ਹੋਏ ਨੌਜਵਾਨ ਚਚੇਰੇ ਭਰਾ ਦੱਸੇ ਜਾ ਰਹੇ ਹਨ। ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਦੋ ਔਰਤਾਂ ਸਮੇਤ ਸੱਤ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਲੜਕੇ ਗੁਰਪਿੰਦਰ ਸਿੰਘ ਆਪਣੇ ਬਿਆਨਾਂ ਵਿਚ ਦੱਸਿਆ ਕਿ ਪਿੰਡ ਭੂਰਾ ਕੋਹਨਾਂ ਦੀਆਂ ਦੋ ਔਰਤਾਂ ਮਾਣੋ ਉਰਫ ਨਿੰਦਰ ਕੌਰ ਜਿਹੜੀ ਪਿੰਡ ਮਨਾਵਾਂ ਵਿਆਹੀ ਹੈ ਤੇ ਉਸ ਦੀ ਭੈਣ ਅਮਰਜੀਤ ਕੌਰ ਪੱਟੀ ਰਹਿੰਦੀ ਹੈ, ਨੇ ਉਨ੍ਹਾਂ ਦੋਵਾਂ ਨੂੰ ਮਿਲਣ ਲਈ ਆਪਣੇ ਪੇਕੇ ਪਿੰਡ ਭੂਰਾ ਕੋਹਨਾ ਅੱਡੇ ’ਤੇ ਛਲ ਨਾਲ ਸੱਦਿਆ ਅਤੇ ਆਪਣੇ ਸ਼ਰੀਕੇ ਦੇ ਲੋਕਾਂ ਨੂੰ ਵੀ ਦੱਸ ਦਿੱਤਾ, ਜੋ ਇਨੋਵਾ ਗੱਡੀ ’ਤੇ ਆਏ ਸਨ। ਜਦੋਂ ਉਹ ਮੋਟਰਸਾਈਕਲ 'ਤੇ ਭੱਜਣ ਲੱਗੇ ਤਾਂ ਉਨ੍ਹਾਂ ਨੇ ਪਿੱਛੇ ਗੱਡੀ ਲਗਾ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦਾ ਪਤਾ ਲੱਗਣ ’ਤੇ ਲੋਕਾਂ ਵੱਲੋਂ ਜਦੋਂ ਜ਼ਖ਼ਮੀਆਂ ਨੂੰ ਇਲਾਜ ਵਾਸਤੇ ਲਿਜਾਇਆ ਜਾ ਰਿਹਾ ਸੀ ਤਾਂ ਅਨਮੋਲਪ੍ਰੀਤ ਸਿੰਘ (17) ਦੀ ਰਸਤੇ ’ਚ ਮੌਤ ਹੋ ਗਈ। ਡੀਐੱਸਪੀ ਨੇ ਦੱਸਿਆ ਕਿ ਅਨਮੋਲਪ੍ਰੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤੀ ਹੈ ਅਤੇ ਦੋ ਔਰਤਾਂ ਸਮੇਤ ਲਵਪ੍ਰੀਤ ਸਿੰਘ ਲੱਭਾ, ਅਮਨ ਉਰਫ ਮਨੀ, ਗੁਰਪ੍ਰੀਤ ਸਿੰਘ ਗੋਪੀ ਤੇ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਧਾਰਾ 302 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Posted By: Jagjit Singh