ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਯਾਤਰੀਆਂ ਦਾ ਜੱਥਾ ਪਾਕਿਸਤਾਨ ਜਾ ਸਕੇਗਾ? ਦਰਅਸਲ, ਕੋਰੋਨਾ ਕਾਰਨ ਬਣੇ ਹਾਲਾਤ ਕਾਰਨ ਸਵਾਲੀਆ ਚਿੰਨ੍ਹ ਉੱਭਰ ਕਰ ਰਿਹਾ ਹੈ। ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਾਤਰਾ ਵਿਭਾਗ ਨੇ ਭਾਰਤ-ਪਾਕਿ ਦਰਮਿਆਨ ਯਾਤਰਾ ਨੂੰ ਲੈ ਕੇ ਹੋਏ ਸਮਝੌਤੇ ਮੁਤਾਬਕ ਤਿਆਰੀਆਂ ਕਰ ਲਈਆਂ ਹਨ ਪਰ ਫੇਰ ਵੀ ਹਾਲਾਤ ਕਾਰਨ ਜਥਾ ਪਾਕਿਸਤਾਨ ਨਾ ਜਾਣ ਦੇ ਸੰਕੇਤ ਨਜ਼ਰ ਆ ਰਹੇ ਹਨ। ਸਮਝੌਤੇ ਮੁਤਾਬਕ ਸਾਲ ਵਿਚ ਚਾਰ ਸਿੱਖ ਜੱਥੇ ਪਾਕਿਸਤਾਨ ਵਿਚ ਜਾਂਦੇ ਹਨ, ਜਿਨ੍ਹਾਂ ਵਿਚ ਵਿਸਾਖੀ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥੇ ਨੂੰ ਆਗਿਆ ਦਿੱਤੀ ਜਾਂਦੀ ਹੈ।

ਲੰਘੇ ਵਰ੍ਹੇ 2020 ਵਿਚ ਕੋਰੋਨਾ ਕਾਰਨ ਵਿਸਾਖੀ, ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜਥਾ ਪਾਕਿਸਤਾਨ ਨਹੀਂ ਜਾ ਸਕਿਆ ਸੀ ਜਦਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਗਿਆ ਸੀ। ਕੋਰੋਨਾ ਕਰ ਕੇ ਨਨਕਾਣਾ ਸਾਹਿਬ ਸ਼ਤਾਬਦੀ ਮੌਕੇ ਫਰਵਰੀ 2021 ਵਿਚ ਜਥੇ ਨੂੰ ਗ੍ਹਿ ਵਿਭਾਗ ਨੇ ਆਗਿਆ ਨਹੀਂ ਦਿੱਤੀ ਸੀ, ਜਿਸ ਤੋਂ ਬਾਅਦ ਵਿਸਾਖੀ ਮੌਕੇ 816 ਸਿੱਖ ਯਾਤਰੂਆਂ ਦਾ ਜਥਾ 12 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ, ਵਾਪਸੀ ਵੇਲੇ ਜਥੇ ਵਿਚ 100 ਦੇ ਕਰੀਬ ਯਾਤਰੂਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ। ਸ਼ੰਕਾ ਹੋਣ ਕਾਰਨ ਯਾਤਰੂਆਂ ਨੇ ਇਸ ਵਾਰ ਘੱਟ ਦਿਲਚਸਪੀ ਵਿਖਾਈ ਹੈ।

ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਦੇ ਇੰਚਾਰਜ ਬਲਵਿੰਦਰ ਸਿੰਘ ਖ਼ੈਰਾਬਾਦ ਨੇ ਦੱਸਿਆ ਕਿ ਇਸ ਵਾਰ 6 ਜੂਨ ਤੋਂ 15 ਜੂਨ ਤਕ ਸ਼ਹੀਦੀ ਦਿਹਾੜਾ ਮਨਾਉਣ ਲਈ ਜਥਾ ਪਾਕਿ ਭੇਜਣ ਦੀ ਮੰਗ ਕੀਤੀ ਹੈ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਤੇ ਰਾਮਪਾਲ ਸਿੰਘ ਬਹਿਣੀਵਾਲ ਕਰਨਗੇ। ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾ ਕੇ ਜਥਾ 15 ਜੂਨ ਨੂੰ ਵਾਪਸ ਪਰਤੇਗਾ, ਇਸ ਵਾਰ ਕਰੀਬ 135 ਯਾਤਰੀ ਪਾਕਿਸਤਾਨ ਜਾ ਰਹੇ ਹਨ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ ਨੂੰ ਮਨਾਉਣ ਲਈ ਮਨਜ਼ੂਰੀ ਮੰਗੀ ਗਈ ਹੈ।