ਜੇਐੱਨਐੱਨ, ਅੰਮਿ੍ਤਸਰ : ਡੀ ਡਿਵੀਜ਼ਨ ਥਾਣੇ ਤਹਿਤ ਪੈਂਦੀ ਜੱਟਾਂ ਵਾਲੀ ਗਲੀ 'ਚ ਸੂਦਖੋਰਾਂ ਤੋਂ ਪਰੇਸ਼ਾਨ ਹੋ ਕੇ ਇਕ ਨੌਜਵਾਨ ਨੇ ਸੋਮਵਾਰ ਦੇਰ ਰਾਤ ਸਲਫਾਸ ਨਿਗਲ ਲਿਆ। ਗੰਭੀਰ ਹਾਲਤ 'ਚ ਉਸ ਨੂੰ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਮੰਗਲਵਾਰ ਤੜਕੇ ਉਸ ਦੀ ਮੌਤ ਹੋ ਗਈ।

ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਲਾਕੇ 'ਚ ਰਹਿਣ ਵਾਲਾ ਪਵਨ ਕੁਮਾਰ ਉਰਫ ਲਵਲਾ ਉਨ੍ਹਾਂ ਦੇ ਬੇਟੇ ਨੂੰ ਨੰਗਾ ਕਰ ਕੇ ਕੁੱਟਣ ਦੀ ਧਮਕੀ ਦੇ ਰਿਹਾ ਸੀ। ਫਿਲਹਾਲ ਪੁਲਿਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਸੂਦਖੋਰ ਪਵਨ ਕੁਮਾਰ ਖ਼ਿਲਾਫ਼ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਜੱਟਾਂ ਵਾਲੀ ਗਲੀ ਵਾਸੀ ਪਵਨ ਮਹਾਜਨ ਨੇ ਦੱਸਿਆ ਕਿ ਉਹ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਬੇਟੇ ਅਰੁਣ ਮਹਾਜਨ (21) ਨੇ ਇਕ ਮਹੀਨਾ ਪਹਿਲਾਂ ਲੋੜ ਪੈਣ 'ਤੇ ਇਲਾਕੇ 'ਚ ਰਹਿਣ ਵਾਲੇ ਪਵਨ ਕੁਮਾਰ ਉਰਫ ਲਵਲਾ ਕੋਲੋ 10 ਫੀਸਦੀ ਵਿਆਜ 'ਤੇ ਪੰਜ ਹਜ਼ਾਰ ਰੁਪਏ ਲਏ ਸਨ, ਜਿਸ ਦਾ ਇਕ ਮਹੀਨੇ ਦਾ ਵਿਆਜ ਵੀ ਉਸ ਨੇ ਪਹਿਲਾਂ ਹੀ ਕੱਟ ਲਿਆ ਸੀ। ਕੁਝ ਦਿਨ ਬੀਤਣ ਮਗਰੋਂ ਮੁਲਜ਼ਮ ਲਵਲਾ ਅਰੁਣ ਨੂੰ ਪੈਸੇ ਵਾਪਸ ਕਰਨ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਅਰੁਣ ਕੋਲ ਹਾਲੇ ਪੰਜ ਹਜ਼ਾਰ ਰੁਪਏ ਨਹੀਂ ਸਨ। ਐਤਵਾਰ ਨੂੰ ਮੁਲਜ਼ਮ ਲਵਲਾ ਨੇ ਪੈਸਿਆਂ ਨੂੰ ਲੈ ਕੇ ਉਨ੍ਹਾਂ ਦੇ ਬੇਟੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ।

ਪੀੜਤ ਪਰਿਵਾਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਅਰੁਣ ਇਲਾਕੇ 'ਚ ਡਰਿਆ-ਡਰਿਆ ਰਹਿਣ ਲੱਗ ਪਿਆ ਸੀ। ਘਰੋਂ ਵੀ ਬਾਹਰ ਨਹੀਂ ਨਿਕਲ ਰਿਹਾ ਸੀ। ਪਰ ਲਵਲਾ ਦੀ ਗੁੰਡਾਗਰਦੀ ਜਾਰੀ ਸੀ। ਉਹ ਉਸਨੂੰ ਫੋਨ 'ਤੇ ਲਗਾਤਾਰ ਧਮਕੀਆਂ ਦੇ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਦੱਸਿਆ ਸੀ ਕਿ ਲਵਲਾ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਉਹ ਉਸ ਨੂੰ ਸੜਕ 'ਤੇ ਨੰਗਾ ਕਰਕੇ ਕੁੱਟਮਾਰ ਕਰੇਗਾ। ਇਸੇ ਡਰ ਕਾਰਨ ਅਰੁਣ ਨੇ ਸੋਮਵਾਰ ਦੇਰ ਰਾਤ ਸਲਫਾਸ ਨਿਗਲ ਕੇ ਆਤਮਹੱਤਿਆ ਕਰ ਲਈ।

ਇਹ ਲਿਖਿਆ ਸੁਸਾਈਡ ਨੋਟ 'ਤੇ

ਅਰੁਣ ਨੇ ਮਰਨ ਤੋਂ ਪਹਿਲਾਂ ਆਪਣੇ ਸੁਸਾਈਡ ਨੋਟ 'ਤੇ ਲਿਖਿਆ ਹੈ ਕਿ 'ਮੇਰੀ ਮੌਤ ਦਾ ਜ਼ਿੰਮੇਵਾਰ ਸਾਡੀ ਗਲ਼ੀ 'ਚ ਰਹਿਣ ਵਾਲਾ ਲਵਲਾ ਹੈ। ਇਹ ਗੁਰਦੁਆਰਾ ਸਾਹਿਬ ਨੇੜੇ ਰਹਿੰਦਾ ਹੈ। ਮੈਂ ਉਸ ਕੋਲੋਂ ਪੰਜ ਹਜ਼ਾਰ ਰੁਪਏ 10 ਫ਼ੀਸਦੀ ਵਿਆਜ 'ਤੇ ਲਏ ਸਨ। ਲਵਲਾ ਨੇ ਪੰਜ ਸੌ ਰੁਪਏ ਵਿਆਜ ਹਰ ਰੋਜ਼ ਦਾ ਲਗਾਉਣਾ ਸ਼ੁਰੂ ਕਰ ਦਿੱਤਾ। ਵਿਆਜ ਵਧਣ ਕਾਰਨ ਮੁਲਜ਼ਮ ਉਸ ਨੂੰ ਪਰੇਸ਼ਾਨ ਕਰਨ ਲੱਗ ਪਿਆ।

ਲਵਲਾ ਨੇ ਐਤਵਾਰ ਨੂੰ ਉਸ ਨੂੰ ਘਰ ਦੇ ਬਾਹਰ ਬੁਲਾਇਆ ਤੇ ਉਸ ਦੀ ਕੁੱਟਮਾਰ ਵੀ ਕਰ ਦਿੱਤੀ। ਲਵਲਾ ਨੇ ਉਸ ਨੂੰ ਧਮਕਾਇਆ ਸੀ ਕਿ ਜੇਕਰ ਉਸ ਨੇ ਪੈਸੇ ਛੇਤੀ ਵਾਪਸ ਨਾ ਕੀਤੇ ਤਾਂ ਉਹ ਉਸਨੂੰ ਨੰਗਾ ਕਰ ਕੇ ਸੜਕ 'ਤੇ ਘੁੰਮਾਏਗਾ। ਉਹ ਲਵਲਾ ਤੋਂ ਬਹੁਤ ਦੁਖੀ ਹੋ ਚੁੱਕਿਆ ਹੈ। ਉਸ ਕੋਲ ਮਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।' ਸੁਸਾਈਡ ਨੋਟ ਦੇ ਆਖ਼ਰ 'ਚ ਲਿਖਿਆ ਹੈ ਕਿ ਲਵਲਾ ਬੱਚਿਆਂ ਨੂੰ ਜੂਆ ਖਿਡਾਉਂਦਾ ਹੈ ਤੇ ਉਨ੍ਹਾਂ ਕੋਲੋਂ ਪੈਸੇ ਜਿੱਤ ਜਾਂਦਾ ਹੈ।