ਜੇਐੱਨਐੱਨ, ਅੰਮਿ੍ਤਸਰ : ਮੋਹਕਮਪੁਰਾ ਪੁਲਿਸ ਨੇ ਦਸਮੇਸ਼ ਨਗਰ ਵਾਸੀ ਲੇਖਰਾਜ ਖ਼ੁਦਕੁਸ਼ੀ ਮਾਮਲੇ ਵਿਚ ਉਸ ਦੇ ਸਾਂਢੂ ਰਾਹੁਲ ਵੋਹਰਾ ਉਰਫ ਰਘੂ ਨੂੰ ਸ਼ਨਿਚਰਵਾਰ ਦੀ ਦੇਰ ਰਾਤ ਮਜੀਠਾ ਰੋਡ ਇਲਾਕੇ ਤੋਂ ਗਿ੍ਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਕਬਜ਼ੇ 'ਚੋਂ ਮੋਬਾਈਲ ਬਰਾਮਦ ਕੀਤਾ ਗਿਆ ਹੈ। ਪੁਲਿਸ ਘਟਨਾ ਵਾਲੇ ਦਿਨ ਦੀ ਕਾਲ ਡਿਟੇਲ ਕੱਢਵਾ ਰਹੀ ਹੈ। ਉੱਧਰ, ਮੋਹਕਮਪੁਰਾ ਦੇ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਨਾਮਜ਼ਦ ਲੇਖਰਾਜ ਦੀ ਪਤਨੀ ਪੂਜਾ ਉਰਫ ਦੀਪੂ, ਸੱਸ ਸੁਮਨ ਅਤੇ ਸਹੁਰੇ ਰਮੇਸ਼ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਦਸਮੇਸ਼ ਨਗਰ ਵਾਸੀ ਲੇਖਰਾਜ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਚਲਾ ਰਿਹਾ ਸੀ। ਲਗਭਗ 12 ਸਾਲ ਪਹਿਲਾਂ ਉਸ ਦਾ ਵਿਆਹ ਪੂਜਾ ਨਾਲ ਹੋਈ ਸੀ ਪਰ ਘਰ ਵਿਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪੂਜਾ ਲੇਖਰਾਜ ਅਤੇ ਆਪਣੀ ਸੱਸ ਪੁਸ਼ਪਾ ਨਾਲ ਝਗੜਾ ਕਰਦੀ ਰਹਿੰਦੀ ਸੀ। ਪਰਿਵਾਰ ਦੇ ਲੋਕਾਂ ਨੇ ਦੋਸ਼ ਲਾਇਆ ਸੀ ਕਿ ਪੂਜਾ ਤਿੰਨ ਸਾਲ ਪਹਿਲਾਂ ਪਤੀ ਦਾ ਘਰ ਛੱਡ ਕੇ ਪੇਕੇ ਚੱਲੀ ਗਈ ਸੀ। ਉਹ ਆਪਣੇ ਬੇਟੇ ਕਿ੍ਸ਼ਨਾ ਨਾਲ ਵੀ ਪਤੀ ਅਤੇ ਸੱਸ ਨੂੰ ਨਹੀਂ ਮਿਲਣ ਦਿੰਦੀ ਸੀ। ਲੇਖਰਾਜ ਨੂੰ ਉਮੀਦ ਸੀ ਕਿ ਇਕ ਦਿਨ ਪੂਜਾ ਅਤੇ ਉਸ ਦਾ ਪੁੱਤਰ ਪਰਤ ਆਉਣਗੇ ਪਰ ਪੂਜਾ ਨੇ ਇਸ ਤਰ੍ਹਾਂ ਨਹੀਂ ਕੀਤਾ। ਅਗਸਤ ਮਹੀਨੇ ਵਿਚ ਲੇਖਰਾਜ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਤਲਾਕ ਦਿੱਤੇ ਬਿਨਾਂ ਕਿਸੇ ਹੋਰ ਨੌਜਵਾਨ ਨਾਲ ਦੂਜਾ ਵਿਆਹ ਕਰ ਲਿਆ ਹੈ। ਇਸ ਤੋਂ ਦੁਖੀ ਹੋ ਕੇ ਲੇਖਰਾਜ ਨੇ 4 ਸਤੰਬਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ 20 ਸਤੰੰਬਰ ਨੂੰ ਪੂਜਾ, ਉਸ ਦੀ ਮਾਂ ਸੁਮਨ, ਪਿਤਾ ਰਮੇਸ਼ ਕੁਮਾਰ ਅਤੇ ਸਾਂਢੂ ਰਾਹੁਲ ਵੋਹਰਾ ਉਰਫ ਰਘੂ ਦੇ ਖ਼ਿਲਾਫ਼ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਸੀ।