ਨਿਤਿਨ ਕਾਲੀਆ, ਛੇਹਰਟਾ : ਇੰਡੀਆ ਗੇਟ ਬਾਈਪਾਸ ਸਥਿਤ ਨਿਊ ਹਮੀਦਪੁਰਾ ਕਾਲੋਨੀ ਵਿਖੇ ਪਲਾਟ 'ਚੋਂ ਗਲੀ ਵੱਲ ਗੇਟ ਕੱਢਣ ਨੂੰ ਲੈ ਕੇ ਦੋ ਧਿਰਾਂ 'ਚ ਤਕਰਾਰ ਹੋ ਗਈ ਜਿਸ ਦੌਰਾਨ ਜੰਮ ਕੇ ਇੱਟਾਂ ਰੋੜੇ ਚੱਲੇ। ਇਸ ਵਾਰਦਾਤ 'ਚ ਇਕ ਧਿਰ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤਕ ਟੁੱਟ ਗਏ। ਸਤਵਿੰਦਰ ਸਿੰਘ ਭੋਲਾ ਪੁੱਤਰ ਅਜੀਤ ਸਿੰਘ ਵਾਸੀ ਨਿਊ ਹਮੀਦਪੁਰਾ ਨਰਾਇਣਗੜ੍ਹ ਛੇਹਰਟਾ ਨੇ ਦੱਸਿਆ ਕਿ ਉਨ੍ਹਾਂ ਦਾ ਗਲੀ 'ਚ ਇਕ ਪਲਾਟ ਹੈ, ਜਿਸ ਦੀ ਉਨ੍ਹਾਂ ਕੋਲ ਰਜਿਸਟਰੀ ਵੀ ਹੈ। ਪਲਾਟ ਦਾ ਦੂਜੇ ਪਾਸੇ ਤੋਂ ਗੇਟ ਕੱਢਣ ਨੂੰ ਲੈ ਕੇ ਗੁਆਂਢੀ ਸੁਖਦੇਵ ਸਿੰਘ ਨਾਲ ਕਈ ਚਿਰਾਂ ਤੋਂ ਝਗੜਾ ਚੱਲ ਰਿਹਾ ਹੈ ਪਰ ਸੁਖਦੇਵ ਸਿੰਘ ਉਨ੍ਹਾਂ ਨੂੰ ਆਪਣੇ ਹੀ ਪਲਾਟ ਤੋਂ ਗੇਟ ਕੱਢਣ ਲਈ ਰੋਕਦਾ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਨੇ ਪਹਿਲਾਂ ਵੀ 20 ਫੁੱਟ ਦੀ ਗਲੀ 'ਚੋਂ 10 ਫੁੱਟ ਗਲੀ 'ਤੇ ਕਬਜ਼ਾ ਕੀਤਾ ਹੋਇਆ ਹੈ। ਜਿਸ ਸਬੰਧੀ ਉਨ੍ਹਾਂ ਕਈ ਵਾਰ ਪੁਲਿਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ। ਸਤਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਬੀਤੀ ਸ਼ਨਿਚਰਵਾਰ ਉਹ ਆਪਣੇ ਪਲਾਟ 'ਚ ਐਤਵਾਰ ਨੂੰ ਹੋਣ ਵਾਲੇ ਪ੍ਰਰੋਗਰਾਮ ਨੂੰ ਲੈ ਕੇ ਸਫ਼ਾਈ ਕਰ ਰਹੇ ਸਨ ਤਾਂ ਉਕਤ ਸੁਖਦੇਵ ਸਿੰਘ ਤੇ ਬਿਕਰਮ ਸਿੰਘ ਨੇ ਉਨ੍ਹਾਂ ਨਾਲ ਬਿਨਾਂ ਵਜ੍ਹਾ ਝਗੜਾ ਸ਼ੁਰੂ ਕਰ ਦਿੱਤਾ ਜਦ ਉਨ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੋਠੇ ਤੋਂ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

====

ਸੁਖਦੇਵ ਸਿੰਘ ਨੇ ਲਾਏ ਦੋਸ਼ ਨਕਾਰੇ

ਉਧਰ ਦੂਜੀ ਧਿਰ ਦੇ ਸੁਖਦੇਵ ਸਿੰਘ ਨੇ ਆਪਣੇ 'ਤੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਸਤਵਿੰਦਰ ਸਿੰਘ ਭੋਲਾ ਨਾਲ ਉਨ੍ਹਾਂ ਦਾ ਗੇਟ ਕੱਢਣ ਨੂੰ ਲੈ ਕੇ ਕੇਸ ਚੱਲ ਰਿਹਾ ਹੈ, ਜੋ ਕਿ ਵਿਚਾਅਧੀਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਦਿਨੀ ਸਤਵਿੰਦਰ ਸਿੰਘ ਭੋਲਾ ਨੇ ਆਪਣੇ ਕੁੱਝ ਰਿਸ਼ਤੇਦਾਰਾਂ ਤੇ ਸਾਥੀਆਂ ਨਾਲ ਹਮਮਸ਼ਵਰਾ ਹੋ ਕੇ ਪ੍ਰਰੋਗਰਾਮ ਕਰਵਾਉਣ ਦੇ ਬਹਾਨੇ ਉਕਤ ਕੰਧ ਨੂੰ ਸੁੱਟ ਦਿੱਤਾ, ਜਦ ਉਨ੍ਹਾਂ ਦੇ ਲੜਕੇ ਬਿਕਰਮ ਨੇ ਵਿਰੋਧ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਗਾਲੀ-ਗਲੋਚ ਕਰਦੇ ਹੋਏ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਨੇ ਬੜੀ ਮੁਸ਼ਕਿਲ ਘਰ ਅੰਦਰ ਲੁੱਕ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆਂ ਕਿ ਉਕਤ ਵਿਅਕਤੀਆਂ ਨੇ ਰੰਜਿਸ਼ ਤਹਿਤ ਉਨ੍ਹਾਂ ਦੇ ਘਰ ਇੱਟਾਂ ਰੋੜੇ ਚਲਾਉਂਦੇ ਹੋਏ ਉਨ੍ਹਾਂ ਦੇ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ, ਗਮਲੇ ਤੇ ਬੱਚਿਆਂ ਦੇ ਲੱਗੇ ਝੁੂਲੇ ਵੀ ਤੋੜ ਦਿੱਤੇ, ਜੋ ਕਿ ਸੀਸੀਟੀਵੀ ਕੈਮਰੇ 'ਚ ਕੈਦ ਹਨ। ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤਾਂ ਚੌਕੀ ਖਾਸਾ ਦੀ ਪੁਲਿਸ ਮੌਕੇ 'ਤੇ ਪੁੱਜੀ ਅਤੇ ਮਾਮਲੇ ਨੂੰ ਸ਼ਾਂਤ ਕਰਵਾਇਆ।

=====

ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ : ਚੌਕੀ ਇੰਚਾਰਜ

ਚੌਕੀ ਇੰਚਾਰਜ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਝਗੜੇ ਦੀ ਖ਼ਬਰ ਮਿਲਦਿਆਂ ਹੀ ਉਹ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਸਨ, ਜਿਸ ਦੀ ਜਾਂਚ ਚੱਲ ਰਹੀ ਹੈ, ਫਿਲਹਾਲ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ, ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।