ਰਾਜਨ ਮਹਿਰਾ, ਅੰਮਿ੍ਤਸਰ : ਸ਼੍ਰੀ ਦੁਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਤੇ ਜਨਰਲ ਸਕੱਤਰ ਅਰੁਣ ਖੰਨਾ ਨੇ ਸ਼੍ਰੀ ਦੁਰਗਿਆਣਾ ਤੀਰਥ ਲਈ ਆਉਣ ਵਾਲੇ ਸਾਰੇ ਰਸਤਿਆਂ ਵਿਚ ਸਟ੍ਰੀਟ ਲਾਈਟਾਂ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਕਿਹਾ ਕਿ ਮੰਦਰ ਦੇ ਰਸਤੇ ਵਿਚ ਸਾਰੀਆਂ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ, ਜਿਸ ਨਾਲ ਮੰਦਰ ਵਿਚ ਦਰਸ਼ਨਾਂ ਹਿੱਤ ਆਉਣ ਵਾਲੇ ਸ਼ਰਧਾਲੂਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਤੇ ਅਰੁਣ ਖੰਨਾ ਨੇ ਕਿਹਾ ਕਿ ਸ਼੍ਰੀ ਦੁਰਗਿਆਣਾ ਤੀਰਥ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਹਿੰਦੂ ਤੀਰਥ ਸਥਾਨ ਹੈ, ਜਿਥੇ ਹਰ ਰੋਜ਼ ਦੇਸ਼ਾਂ-ਵਿਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਪਰ ਮੰਦਰ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸਟ੍ਰੀਟ ਲਾਈਟਾਂ ਖਰਾਬ ਹੋਣ ਕਾਰਨ ਸ਼੍ਰੀ ਦੁਰਗਿਆਣਾ ਕਮੇਟੀ ਤੇ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਬਾਰ-ਬਾਰ ਨਗਰ ਨਿਗਮ ਕਮਿਸ਼ਨਰ, ਮੇਅਰ ਅਤੇ ਸਟ੍ਰੀਟ ਲਾਈਟ ਵਿਭਾਗ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਸ਼੍ਰੀ ਦੁਰਗਿਆਣਾ ਮੰਦਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸਟ੍ਰੀਟ ਲਾਈਟਾਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ, ਤਾਂ ਜੋ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਹੋ ਸਕੇ।