ਪ੍ਰਤਾਪ ਸਿੰਘ, ਤਰਨਤਾਰਨ

ਤਰਨਤਾਰਨ ਸ਼ਹਿਰ 'ਚ ਲਾਵਾਰਸ ਪਸ਼ੂਆਂ ਦੀ ਭਰਮਾਰ ਇੰਨੀ ਵੱਧ ਗਈ ਹੈ ਕਿ ਇਹ ਪਸ਼ੂ ਸ਼ਹਿਰ ਦੀਆਂ ਸੜਕਾਂ 'ਤੇ ਤਾਂ ਘੁੰਮਦੇ ਹੀ ਹਨ ਪਰ ਹੁਣ ਗਲੀਆਂ-ਮੁਹੱਲਿਆਂ ਵਿਚ ਇਨ੍ਹਾਂ ਦੇ ਜਮ੍ਹਾ ਹੋਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੇ-ਵੱਡੇ ਸਿੰਙਾਂ ਵਾਲੇ ਇਨ੍ਹਾਂ ਲਾਵਾਰਸ ਪਸ਼ੂਆਂ ਨੂੰ ਰਸਤੇ 'ਚ ਖੜੇ੍ਹ ਵੇਖ ਕੇ ਰਾਹਗੀਰ ਵੀ ਰਸਤਾ ਬਦਲਣ ਵਿਚ ਆਪਣੀ ਭਲਾਈ ਸਮਝਦੇ ਹਨ। ਗਲੀਆਂ ਵਿਚ ਇਨ੍ਹਾਂ ਪਸ਼ੂਆਂ ਨੂੰ ਭਿੜਦਿਆਂ ਵੇਖ ਲੋਕ ਆਪਣੇ ਬੱਚਿਆਂ ਨੂੰ ਘਰਾਂ ਵਿਚ ਬੰਦ ਕਰ ਕੇ ਰੱਖਣ ਲੱਗੇ ਹਨ ਤਾਂ ਕਿ ਇਨ੍ਹਾਂ ਦੇ ਭੇੜ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ। ਇੰਨਾਂ ਹੀ ਨਹੀਂ ਸੜਕਾਂ 'ਤੇ ਘੁੰਮਣ ਵਾਲੇ ਇਹ ਪਸ਼ੂ ਦਿਨ ਅਤੇ ਰਾਤ ਸਮੇਂ ਵੱਡੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ, ਜਿਸ ਕਾਰਨ ਹੁਣ ਤਕ ਕਈ ਲੋਕ ਆਪਣੀ ਜਾਨ ਗੁਆ ਬੈਠੇ ਹਨ ਅਤੇ ਕਈ ਲੋਕ ਜ਼ਖ਼ਮੀ ਹੋ ਕੇ ਅਪਾਹਿਜ ਹੋ ਚੁੱਕੇ ਹਨ। ਵੱਡੇ ਵਾਹਨਾਂ ਦੀ ਲਪੇਟ ਵਿਚ ਆਉਣ ਕਾਰਨ ਇਹ ਲਾਵਾਰਸ ਪਸ਼ੂ ਵੀ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਉੱਥੇ ਹੀ ਇਨ੍ਹਾਂ ਮਰੇ ਪਸ਼ੂਆਂ ਨੂੰ ਚੁੱਕਣ ਲਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਧਿਆਨ ਨਹੀਂ ਦਿੰਦਾ। ਮਰੇ ਪਸ਼ੂ ਦੀ ਬਦਬੂ ਦੂਰ-ਦੂਰ ਤਕ ਫੈਲਣ ਨਾਲ ਜਿੱਥੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਉੱਥੇ ਉਨ੍ਹਾਂ ਨੂੰ ਸਾਹ ਲੈਣਾ ਵੀ ਅੌਖਾ ਹੋ ਜਾਂਦਾ ਹੈ। ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਲਾਵਾਰਸ ਘੁੰਮ ਰਹੇ ਇਨ੍ਹਾਂ ਪਸ਼ੂਆਂ ਦੀ ਦੇਖਭਾਲ ਸਹੀ ਤਰੀਕੇ ਨਾਲ ਕੀਤੀ ਜਾਵੇ, ਨਹੀਂ ਤਾਂ ਸਰਕਾਰ ਗਊ ਟੈਕਸ ਲੈਣਾ ਬੰਦ ਕਰੇ ਦੇਵੇ।

ਬਾਕਸ- ਸਰਕਾਰ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਕਰੇ ਢੁੱਕਵੇਂ ਪ੍ਰਬੰਧ : ਚੀਮਾ

ਸਮਾਜ ਸੇਵੀ ਕੰਵਰਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਲਾਵਾਰਸ ਪਸ਼ੂਆਂ ਦੇ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਦਿਨ-ਬ-ਦਿਨ ਸੜਕਾਂ, ਗਲੀਆਂ, ਮੁਹੱਲਿਆਂ ਵਿਚ ਵੱਧ ਰਹੀ ਪਸ਼ੂਆਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ, ਜਿਸ ਵੱਲ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਬਾਕਸ- ਟੈਕਸ ਲੈਣਾ ਬੰਦ ਕਰੇ ਸਰਕਾਰ : ਸਨਸੋਆ

ਇਸ ਮੌਕੇ ਲੋਕ ਇਨਸਾਫ ਪਾਰਟੀ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਸਨਸੋਆ ਨੇ ਕਿਹਾ ਕਿ ਕੇਂਦਰ ਸਰਕਾਰ ਗਊ ਟੈਕਸ ਲਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਜੇਕਰ ਸਰਕਾਰ ਇਨ੍ਹਾਂ ਪਸ਼ੂਆਂ ਦੀ ਦੇਖਭਾਲ ਨਹੀਂ ਕਰ ਸਕਦੀ ਤਾਂ ਗਊ ਟੈਕਸ ਲੈਣਾ ਬੰਦ ਕੀਤਾ ਜਾਵੇ।

ਬਾਕਸ - ਲਾਵਾਰਸ ਪਸ਼ੂਆਂ ਦੀ ਦੇਖਭਾਲ ਲਈ ਦਿੱਤੇ ਜਾਣਗੇ ਅਧਿਕਾਰੀਆਂ ਨੂੰ ਨਿਰਦੇਸ਼ : ਏਡੀਸੀ

ਏਡੀਸੀ ਜਨਰਲ ਸੰਦੀਪ ਰਿਸ਼ੀ ਦਾ ਕਹਿਣਾ ਹੈ ਕਿ ਲਾਵਾਰਸ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਗਊਸ਼ਾਲਾ ਵਿਚ ਪਹੁੰਚਾਉਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਜਲਦੀ ਹੀ ਇਨ੍ਹਾਂ ਦਾ ਸਹੀ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੀ ਅਗਵਾਈ ਹੇਠ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ।