ਸਰਬਜੀਤ ਸਿੰਘ ਖਾਲਸਾ, ਗੱਗੋਮਾਹਲ : ਵਾਤਾਵਰਨ ਸੰਭਾਲ ਦੇ ਮੱਦੇਨਜ਼ਰ ਸਰਹੱਦੀ ਕਸਬਾ ਗੱਗੋਮਾਹਲ ਦੇ ਕਿਸਾਨ ਕਸ਼ਮੀਰ ਸਿੰਘ ਨੇ ਪਰਾਲੀ ਨੂੰ ਬਿਨਾਂ ਅੱਗ ਲਾਏ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕੀਤੀ। ਅਜਿਹਾ ਕਰਕੇ ਜਿਥੇ ਉਸ ਨੇ ਵਾਤਾਵਰਨ ਦੀ ਸੰਭਾਲ 'ਚ ਆਪਣਾ ਯੋਗਦਾਨ ਦਿੱਤਾ, ਉਥੇ ਹੀ ਮਿੱਟੀ ਦੀ ਉਪਜਾਊ ਸ਼ਕਤੀ 'ਚ ਵਾਧਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਗੱਗੋਮਾਹਲ ਨੇ ਦੱਸਿਆ ਕਿ ਕਿਸਾਨਾਂ ਨੂੰ ਬੇਸ਼ੱਕ ਪਰਾਲੀ ਦਾ ਹੱਲ ਕਰਨ ਸਮੇਂ ਬਹੁਤ ਸਾਰੀਆਂ ਅੌਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜੇਕਰ ਅਸੀਂ ਥੋੜ੍ਹੀ ਮਿਹਨਤ ਅਤੇ ਸੋਚ ਤੋਂ ਕੰਮ ਲਈਏ ਤਾਂ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਖੜ੍ਹੇ ਝੋਨੇ ਦੀ ਪਰਾਲੀ ਵਿਚ ਸੁਪਰ ਸੀਡਰ ਦੇ ਨਾਲ ਕਣਕ ਦੀ ਬਿਜਾਈ ਬਹੁਤ ਹੀ ਸੌਖੀ ਹੈ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਜਿੱਥੇ ਵਾਤਾਵਰਨ ਵਿਚ ਫੈਲ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕਦੀ ਹੈ, ਉਥੇ ਹੀ ਪੈਦਾਵਾਰ 'ਚ ਵਾਧਾ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤਾਂ 'ਚ ਰਲਾਉਣ ਨਾਲ ਪੈਦਾਵਾਰ 'ਤੇ ਵਧੀਆ ਅਸਰ ਪੈਂਦਾ ਹੈ।

ਪਰਾਲੀ ਨੂੰ ਸਾੜਨ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੰਦਿਆਂ ਉਸ ਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਮਿੱਟੀ ਵਿਚਲੇ ਮਿੱਤਰ ਕੀੜੇ ਵੀ ਸੜ ਕੇ ਸੁਆਹ ਹੋ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ ਤੇ ਖਾਦਾਂ ਦਾ ਖਰਚ ਵੱਧ ਜਾਂਦਾ ਹੈ।

ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਬਸਿਡੀ ਕੱਟ ਕੇ ਖੇਤੀਬਾੜੀ ਸੰਦ ਮਿਲਣੇ ਚਾਹੀਦੇ ਹਨ। ਇਸ ਨਾਲ ਕਰਜ਼ੇ ਦੇ ਸਤਾਏ ਕਿਸਾਨਾਂ 'ਤੇ ਆਰਥਿਕ ਬੋਝ ਵੀ ਘੱਟ ਪਵੇਗਾ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ। ਇਸ ਮੌਕੇ ਸੁਪਰ ਸੀਡਰ ਦੇ ਮਾਲਕ ਰਣਜੀਤ ਸਿੰਘ ਗੁਜਰਪੁਰਾ ਤੇ ਕਿਸਾਨ ਲਵਪ੍ਰਰੀਤ ਸਿੰਘ ਹਾਜ਼ਰ ਸਨ।