ਗੁਰਮੀਤ ਸੰਧੂ, ਅੰਮਿ੍ਤਸਰ : ਬੀਤੇ ਦਿਨੀਂ ਭੇਦਭਰੇ ਹਾਲਾਤ 'ਚ ਕੌਮਾਂਤਰੀ ਸਰਹੱਦ ਤੋਂ ਪਾਰ ਗੁਆਂਢੀ ਮੁਲਕ ਪਾਕਿਸਤਾਨ ਪੁੱਜੇ ਕਿ੍ਕਟ ਦੇ ਸੂਬਾ ਪੱਧਰੀ ਚੋਟੀ ਦੇ ਨੌਜਵਾਨ ਖਿਡਾਰੀ ਬਲਵਿੰਦਰ ਸਿੰਘ (22) ਵਾਸੀ ਪਿੰਡ ਬੱਲੜਵਾਲ ਦੀ ਵਤਨ ਵਾਪਸੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸੰਜੀਦਗੀ ਭਰਪੂਰ ਕਾਰਵਾਈ ਤੇ ਹਾਂ- ਪੱਖੀ ਹੁੰਗਾਰਾ ਨਾ ਮਿਲਣ ਕਾਰਨ ਪੀੜਤ ਪਰਿਵਾਰ ਬੇਚੈਨੀ ਦੇ ਆਲਮ ਵਿਚ ਹੈ।

ਬੇਸ਼ੱਕ ਇਸ ਸਨਸਨੀਖੇਜ਼ ਮਾਮਲੇ ਨੂੰ ਲੈ ਕੇ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਅਜਿਹੇ ਮਾਮਲਿਆਂ ਦੇ ਹੱਲ ਲਈ ਬਣਾਈ ਗਈ ਬਹੁ ਦੇਸ਼ਾਂ ਦੀ ਸਾਂਝੀ ਕਮੇਟੀ (ਐਕਸਟਰਨਲ ਅਫੇਅਰਜ਼) ਅਤੇ ਨਵੀਂ ਦਿੱਲੀ ਸਥਿਤ ਪਾਕਿ ਸਫ਼ਾਰਤਖਾਨੇ ਨੂੰ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ। ਜਿੱਥੇ ਏਨੇ ਦਿਨ ਬੀਤ ਜਾਣ ਦੇ ਬਾਵਜੂਦ ਬਲਵਿੰਦਰ ਸਿੰਘ ਦੀ ਸੁੱਖ- ਸਾਂਦ ਦਾ ਪਤਾ ਨਹੀਂ ਲੱਗ ਸਕਿਆ, ਉਥੇ ਇਸ ਮਾਮਲੇ 'ਤੇ ਪਾਕਿਸਤਾਨ ਨੇ ਕੀ ਰੁਖ ਅਪਣਾਇਆ ਹੈ, ਉਸ ਸਬੰਧੀ ਵੀ ਸਥਿਤੀ ਸਪੱਸ਼ਟ ਨਹੀਂ ਹੋਈ ਤੇ ਇਹ ਵੀ ਨਹੀਂ ਸਾਫ਼ ਹੋ ਸਕਿਆ ਕਿ ਪਾਕਿ ਦੀਆਂ ਸੁਰੱਖਿਆ ਏਜੰਸੀਆਂ ਨੇ ਬਲਵਿੰਦਰ ਸਿੰਘ ਦੇ ਪਾਕਿ ਵਿਚ ਹੋਣ ਦੀ ਗੱਲ ਨੂੰ ਸਵੀਕਾਰ ਵੀ ਕੀਤਾ ਹੈ ਕਿ ਨਹੀਂ ਪਰ ਜੇ ਦੂਜੇ ਪਾਸੇ ਭਾਰਤੀ ਸੁਰੱਖਿਆ ਏਜੰਸੀਆਂ ਦੀ ਗੱਲ ਮੰਨ ਲਈ ਜਾਵੇ ਤਾਂ ਬਲਵਿੰਦਰ ਸਿੰਘ ਦੇ ਪਾਕਿਸਤਾਨ ਵਿਚ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਬਲਵਿੰਦਰ ਸਿੰਘ ਦੇ ਪਿਤਾ ਪੂਰਨ ਸਿੰਘ, ਮਾਤਾ ਰਾਣੀ ਅਤੇ ਚਾਚਾ ਸਰਪੰਚ ਪੁੰਨਾ ਸਿੰਘ ਆਦਿ ਸਮੇਤ ਦਰਜਨਾਂ ਪਰਿਵਾਰਕ ਮੈਂਬਰ ਇਸ ਗੱਲ ਨੂੰ ਲੈ ਕੇ ਡਾਢੀ ਪਰੇਸ਼ਾਨੀ ਦੇ ਆਲਮ ਵਿਚ ਹਨ ਕਿ ਬਲਵਿੰਦਰ ਸਿੰਘ ਅਚਨਚੇਤ ਰਹੱਸਮਈ ਤਰੀਕੇ ਨਾਲ ਪਾਕਿ ਕਿਵੇਂ ਪਹੁੰਚ ਗਿਆ, ਉਹ ਕਿੱਥੇ ਤੇ ਕਿਸ ਹਾਲ ਵਿਚ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਐੱਸਐੱਫ ਤੇ ਪਾਕਿ ਰੇਂਜਰਾਂ ਦਰਮਿਆਨ ਇਕ ਮੀਟਿੰਗ ਵੀ ਹੋਈ ਹੈ, ਜੋ ਕਿ ਬੇਨਤੀਜਾ ਰਹੀ। ਬੇਸ਼ੱਕ ਅਣ-ਅਧਿਕਾਰਤ ਤੌਰ 'ਤੇ ਬਲਵਿੰਦਰ ਸਿੰਘ ਦੇ ਪਾਕਿ ਵਿਚ ਹੋਣ ਦਾ ਖੁਲਾਸਾ ਤਾਂ ਹੋ ਗਿਆ ਪਰ ਅਜੇ ਤਕ ਪਾਕਿ ਰੇਂਜਰਾਂ, ਸੁਰੱਖਿਆ ਏਜੰਸੀਆਂ ਤੇ ਪਾਕਿ ਸਰਕਾਰ ਵੱਲੋਂ ਅਜੇ ਤਕ ਇਸ ਸਬੰਧੀ ਨਾ ਤਾਂ ਅਜੇ ਤੱਕ ਉਸਾਰੂ ਪੱਖ ਅਪਣਾਇਆ ਗਿਆ ਤੇ ਨਾ ਹੀ ਉਸ ਨੌਜਵਾਨ ਦੇ ਪਾਕਿ ਵਿਚ ਹੋਣ ਦਾ ਐਲਾਨ ਕੀਤਾ ਗਿਆ ਹੈ।

ਪਾਕਿ ਤੋਂ ਨਹੀਂ ਮਿਲਿਆ ਕੋਈ ਢੁੱਕਵਾਂ ਜਵਾਬ : ਔਜਲਾ

ਇਸ ਸਬੰਧੀ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਤੇ ਭਾਰਤ- ਪਾਕਿ ਸਫ਼ਾਰਤਖਾਨਿਆਂ ਤੇ ਹੋਰਨਾਂ ਸਬੰਧਤ ਕਮੇਟੀਆਂ (ਐਕਸਟਰਨਲ ਅਫੇਅਰਜ਼) ਦੇ ਨਾਲ ਸਿੱਧੇ ਤੌਰ 'ਤੇ ਸੰਪਰਕ ਕਰਨ ਤੋਂ ਇਲਾਵਾ ਈ-ਮੇਲ ਰਾਹੀਂ ਵੀ ਸੁੂਚਿਤ ਕਰ ਚੁੱਕੇ ਹਨ ਪਰ ਇਸ ਦਾ ਪਾਕਿ ਵਾਲੇ ਪਾਸਿਓਂ ਕੋਈ ਢੁੱਕਵਾਂ ਜਵਾਬ ਹਾਲੇ ਤਕ ਨਹੀਂ ਮਿਲਿਆ। ਪਾਕਿ ਵਾਲੇ ਪਾਸੇ ਤੋਂ ਹਾਂ-ਪੱਖੀ ਇਸ਼ਾਰਾ ਮਿਲਣ ਤੋਂ ਬਾਅਦ ਹੀ ਬਲਵਿੰਦਰ ਸਿੰਘ ਦੀ ਰਿਹਾਈ ਦਾ ਪਲੈਟਫਾਰਮ ਤਿਆਰ ਹੋ ਸਕੇਗਾ।