ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਗੁਰਦੁਆਰਾ ਗੁਰ ਸਾਗਰ ਸਾਹਿਬ ਨੇੜੇ ਸੁਖਨਾ ਝੀਲ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪਰਬ ਨੂੰ ਸਮਰਪਿਤ ਪੰਜ ਰੋਜ਼ਾ 'ਗੁਰੂ ਮਾਨਿਓ ਗ੍ੰਥ ਸ਼ਬਦ ਚੇਤਨਾ ਮਾਰਚ' ਨਗਰ ਕੀਰਤਨ ਦੀ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਪੂਰਨਤਾ ਹੋਈ। ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੁੰਦਾ ਹੋਇਆ ਡੇਰਾ ਬਾਬਾ ਨਾਨਕ ਪਹੁੰਚਿਆ, ਜਿਥੇ ਗੁਰਦੁਆਰਾ ਡੇਰਾ ਸਾਹਿਬ ਦੇ ਹੈੱਡ ਗ੍ੰਥੀ ਸਾਹਿਬ ਨੇ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਗ੍ੰਥੀ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਤੇ ਨਗਰ ਕੀਰਤਨ ਨਾਲ ਚੱਲ ਰਹੇ ਬਾਬਾ ਪਿ੍ਰਤਪਾਲ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਸੰਤ ਖ਼ਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਬਾਬਾ ਪਿ੍ਰਤਪਾਲ ਸਿੰਘ, ਬੀਬਾ ਚਰਨਕਮਲ ਕੌਰ, ਭਾਈ ਤੇਜਸਵਰ ਪ੍ਰਤਾਪ ਸਿੰਘ ਸ਼ਾਮਲ ਸਨ। ਬਾਬਾ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਇਹ ਮਹਾਨ ਨਗਰ ਕੀਰਤਨ ਦਾ ਮੁੱਖ ਮਕਸਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਪਵਿੱਤਰ ਗੁਰਬਾਣੀ ਕੀਰਤਨ ਰਾਹੀਂ ਸਿੱਖ ਕੌਮ ਨੂੰ ਪ੍ਰਰੇਰਨਾ ਸੀ।

ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਨਗਰ ਕੀਰਤਨ ਨੂੰ ਜਾਣ ਦੀ ਮਨਜ਼ੂਰੀ ਨਾ ਮਿਲਣ ਕਰ ਕੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨ ਭਾਰਤ ਵਾਲੇ ਪਾਸਿਓਂ ਹੀ ਕਰਤਾਰਪੁਰ ਲਾਂਘੇ ਤੋਂ ਹੀ ਅਰਦਾਸ ਕਰ ਕੇ ਅੰਮਿ੍ਤਸਰ ਲਈ ਚਾਲੇ ਪਾਏ ਗਏ। ਉਨ੍ਹਾਂ ਕਰਤਾਰਪੁਰ ਸਾਹਿਬ ਲਾਂਘੇ ਦੇ ਖੁੱਲ੍ਹਣ ਦਾ ਜਿਥੇ ਸਵਾਗਤ ਕੀਤਾ, ਉਥੇ ਨਾਲ ਹੀ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਮਿਲ ਬੈਠ ਕੇ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਕਾਨੂੰਨੀ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਅਪੀਲ ਕੀਤੀ। ਬਿਨਾਂ ਪਾਸਪੋਰਟ ਤੋਂ ਸੰਗਤ ਨੂੰ ਆਧਾਰ ਕਾਰਡ 'ਤੇ ਦਰਸ਼ਨ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਅਮਰਬੀਰ ਸਿੰਘ ਢੋਟ, ਜਸਬੀਰ ਸਿੰਘ ਆਦਿ ਮੌਜੂਦ ਸਨ।