ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਨੂੰ ਤਲਬ ਕੀਤਾ ਗਿਆ | ਪ੍ਰਬੰਧਕ ਕਮੇਟੀ ਦੇ ਮੈਂਬਰ ਹਰਬੰਸ ਸਿੰਘ, ਚਰਨਜੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਜਗਜੋਤ ਸਿੰਘ ਸੋਹੀ, ਇੰਦਰਜੀਤ ਸਿੰਘ, ਗੁਰਿੰਦਰ ਸਿੰਘ, ਲਖਵਿੰਦਰ ਸਿੰਘ, ਮਹਿੰਦਰਪਾਲ ਸਿੰਘ ਢਿੱਲੋਂ, ਰਾਜਾ ਸਿੰਘ ਪੇਸ਼ ਹਏ ਹਨ। ਇੰਦਰਜੀਤ ਸਿੰਘ ਤੇ ਹਰਬੰਸ ਸਿੰਘ ਨੂੰ ਤਨਖਾਹੀਆ ਹੋਣ ਕਾਰਨ ਵਾਪਸ ਭੇਜ ਦਿੱਤਾ ਹੈ।
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸਾਬਕਾ ਜਥੇਦਾਰ ਇਕਬਾਲ ਸਿੰਘ ਸਣੇ ਮਹਿੰਦਰ ਸਿੰਘ ਢਿੱਲੋਂ, ਰਾਜਾ ਸਿੰਘ ਤੇ ਇੰਦਰਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਹੈ। ਇਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਈ ਹਨ।
ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ 15 ਮੈਂਬਰ ਹੁੰਦੇ ਹਨ, ਜਦ ਕਿ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਮਹਿੰਦਰਪਾਲ ਸਿੰਘ ਛਾਬੜਾ, ਕਮਿੱਕਰ ਸਿੰਘ ਅਤੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਅਕਾਲ ਚਲਾਣਾ ਕਰ ਗਏ ਹਨ। ਇਸ ਤੋਂ ਇਲਾਵਾ ਸਨਾਤਨੀ ਸਭਾ ਦੇ ਇਕ ਮੈਂਬਰ ਦਾ ਮਾਮਲਾ ਅਦਾਲਤ ਵਿੱਚ ਪੈਂਡਿੰਗ ਹੈ।
ਸਕੱਤਰੇਤ ਵਿਖੇ ਹੋ ਰਹੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਅਤੇ ਭਾਈ ਮੰਗਲ ਸਿੰਘ ਸ਼ਾਮਲ ਹਨ।
ਕਿਉਂ ਕੀਤਾ ਤਲਬ
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਮਾਮਲਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇਬ ਪੁੱਜਾ ਹੈ। ਗਿਅਨੀ ਰਣਜੀਤ ਸਿੰਘ ਤੇ ਲੱਗੇ ਦੋਸ਼ਾਂ ਤੋਂ ਬਾਅਦ ਗਿਆਨੀ ਰਣਜੀਤ ਸਿੰਘ ਦੀਆਂ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਸੀ। ਗਿਆਨੀ ਇਕਬਾਲ ਸਿੰਘ ਨੂੰ ਪੰਜ ਮੈੰਬਰਾਂ ਨੇ ਇਕੱਤਰਤਾ ਕਰਕੇ ਮੁੱੜ ਜਥੇਦਾਰ ਲਗਾ ਦਿੱਤਾ ਸੀ। ਜਿਸ ਤੋਂ ਬਾਅਦ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਖਤ ਪਟਨਾ ਸਾਹਿਬ ਦੇ ਬੋਰਡ ਮੈੰਬਰਾਂ ਨੂੰ 6 ਦਸੰਬਰ ਕੀਤਾ ਤਲਬ ਸੀ।
ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਪ੍ਰਬੰਧਕੀ ਬੋਰਡ ਬਿਹਾਰ ਦੇ ਪ੍ਰਧਾਨ ਸਮੇਤ ਸਾਰੇ ਮੈੰਬਰਾਂ ਨੂੰ ਤਲਬ ਕੀਤਾ ਹੈ। ਜਥੇਦਾਰ ਵਲੋਂ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਲਿਖਿਆ ਸੀ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਦੀ ਪਦਵੀ ਦਾ ਵਿਵਾਦ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ | ਇਸ ਵਿਵਾਦ ਨਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਮਾਣ ਮਰਿਯਾਦਾ ਨੂੰ ਵੱਡੀ ਠੋਸ ਪੁੱਜੀ ਹੈ। ਬੋਰਡ ਇਸ ਵਿਵਾਦ ਨੂੰ ਹੱਲ ਕਰਨ ਵਿਚ ਨਾ ਕਾਮਯਾਬ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਜ਼ਦੀਕ ਆ ਰਿਹਾ ਹੈ। ਇਸ ਮੌਕੇ ਇਹ ਵਿਵਾਦ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਮੈਂਬਰਾਂ ਵਿਚ ਅਹੁਦਿਆਂ ਦੇ ਲਾਲਚ ਕਾਰਨ ਆਪ-ਹੁਦਰੀ ਦਾ ਮਾਹੌਲ ਹੈ। ਇਸ ਲਈ ਸਮੂਹ ਮੌਜੂਦਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਆਦੇਸ਼ ਕੀਤਾ ਗਿਆ ਹੈ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਮੂਹ ਮੌਜੂਦਾ ਮੈਂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਲਈ ਕਿਹਾ ਸੀ। ਹਾਜ਼ਰ ਨਾ ਹੋਣ ਵਾਲੇ ਮੈਂਬਰਾਂ ਖਿਲਾਫ ਮਰਿਆਦਾ ਮੁਤਾਬਿਕ ਕਾਰਵਾਈ ਦਾ ਆਦੇਸ਼ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਆਦੇਸ਼ ਤੱਕ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਜਥੇਦਾਰ ਵਜੋਂ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ, ਪੰਜ ਪਿਆਰੇ ਸਾਹਿਬਾਨ ਦੀ ਸੰਮਤੀ ਨਾਲ ਬਤੌਰ ਜਥੇਦਾਰ ਵਜੋਂ ਸੇਵਾ ਨਿਭਾਉਣ ਦੀ ਸੇਵਾ ਲਗਾਈ ਸੀ | ਇਸ ਦੇ ਨਾਲ ਹੀ ਜਥੇਦਾਰ ਰਣਜੀਤ ਸਿੰਘ ਅਤੇ ਜਥੇਦਾਰ ਇਕਬਾਲ ਸਿੰਘ ਦੋਵਾਂ ਦੀ ਸੇਵਾ 'ਤੇ ਰੋਕ ਲਗਾਈ ਸੀ।
Posted By: Tejinder Thind