ਸਟਾਫ ਰਿਪੋਰਟਰ, ਅੰਮਿ੍ਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮੰਦਾ ਬੋਲਣ ਵਾਲੇ ਬਰਦਾਸ਼ਤ ਨਹੀਂ। ਅਜਿਹੇ ਪ੍ਰਚਾਰ ਨੂੰ ਕਦਾਚਿਤ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਬਾਬਾ ਬਲਬੀਰ ਸਿੰਘ ਕਿਹਾ ਕਿ ਭਾਸ਼ਾ ਵਿਭਾਗ ਵਲੋਂ ਹਿੰਦੀ ਭਾਸ਼ਾ ਦਿਵਸ ਸਮੇਂ ਕਰਵਾਏ ਗਏ ਸਮਾਗਮ ਵਿਚ ਹੀ ਅਜਿਹੀਆਂ ਸੁਰਾਂ ਉਭਰੀਆਂ ਹਨ ਜੋ ਕਿਸੇ ਤਰ੍ਹਾਂ ਵੀ ਵਾਜਬ ਨਹੀਂ ਠਹਿਰਾਈਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਤਰਕ ਨਾਲ ਡਾ. ਤੇਜਵੰਤ ਮਾਨ ਵੱਲੋਂ ਦਿਤੇ ਸੁਝਾਵਾਂ ਨੂੰ ਵੀ ਅਣਗੌਲਿਆਂ ਕੀਤਾ ਗਿਆ ਅਤੇ ਸਗੋਂ ਧਮਕੀ ਵਜੋਂ 'ਸਾਲ ਦੋ ਸਾਲ ਰੁਕ ਜਾਉ, ਫਿਰ ਦੱਸਾਂਗੇ' ਵਰਗੇ ਸ਼ਬਦਾਂ ਦੇ ਤੀਰ ਕੱਸੇ ਗਏ ਹਨ। ਨਿਹੰਗ ਮੁਖੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਤੇ ਗੁਰਮੁੱਖੀ ਲਿਪੀ ਬਹੁਤ ਅਮੀਰ ਭਾਸ਼ਾ ਹੈ। ਇਸ ਨੂੰ ਗਵਾਰਾਂ ਦੀ ਭਾਸ਼ਾ ਕਹਿ ਕਿ ਹਿੰਦੀ ਭਾਸ਼ਾ ਕਦੀ ਵੀ ਸਤਿਕਾਰ ਹਾਸਲ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਤੇ ਦੁੱਖ ਦੀ ਗੱਲ ਹੈ ਜਦੋਂ ਸਾਰਾ ਜਗਤ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਜਾ ਰਿਹਾ ਹੈ ਉਸ ਸਮੇਂ ਕੁਝ ਸ਼ਰਾਰਤੀ ਲੋਕਾਂ ਵਲੋਂ ਅਜਿਹੇ ਵਿਉਂਤਬੱਧ ਤਰੀਕੇ ਨਾਲ ਹਾਲਾਤ ਖਰਾਬ ਕਰਨ ਦੇ ਯਤਨ ਕਰਨੇ ਅਤਿ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਡਾ: ਮਾਨ ਨੂੰ ਮਾੜਾ ਬੋਲਣ ਅਤੇ ਪੰਜਾਬੀ ਭਾਸ਼ਾ ਤੇ ਲਿਪੀ ਤੇ ਵਿਅੰਗ ਕੱਸਣ ਵਾਲੇ ਲੋਕਾਂ ਨੂੰ ਤੁਰੰਤ ਜਨਤਕ ਮੁਆਫ਼ੀ ਮੰਗਣੀ ਚਾਹੀਦੀ ਹੈ।