ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਿੱਲੀ ’ਚ ਚੱਲ ਰਹੇ ਕਿਸਾਨ ਮੋਰਚੇ ਦੀ ਸਫਲਤਾ ਲਈ ਅਰਦਾਸ ਕਰਨ ਲਈ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਬੇਟੇ ਗੋਰਵ ਟਿਕੈਤ ਨਤਮਸਤਕ ਹੋਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਪੰਜਾਬ ਤੋਂ ਹੋਈ ਸੀ ਤੇ ਹੁਣ ਦੇਸ਼ ਦੇ ਕਿਸਾਨਾਂ ਦੇ ਹੱਕ ਦੀ ਆਵਾਜ਼ ਵੀ ਪੰਜਾਬ ਤੋਂ ਹੀ ਸ਼ੁਰੂ ਹੋਈ ਹੈ ਤੇ ਇਹ ਲੜਾਈ ਪੰਜਾਬ ਦੀ ਅਗਵਾਈ ’ਚ ਜ਼ਰੂਰ ਜਿੱਤਾਂਗੇ, ਜਿਸ ਲਈ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਲਈ ਆਏ ਹਨ।

ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਆਗੂ ਬਹੁਤ ਸਮਝਦਾਰ ਹਨ ਅਤੇ ਜੋ ਵੀ ਫੈਸਲੇ ਲਏ ਜਾਂਦੇ ਹਨ, ਉਹ ਬਹੁਤ ਸੋਚ ਵਿਚਾਰ ਕੇ ਲਏ ਜਾਂਦੇ ਹਨ। ਹਾਲਾਂਕਿ ਸ਼ਰਾਰਤੀ ਲੋਕ ਸੰਯੁਕਤ ਮੋਰਚੇ ਤੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ। 143 ਦਿਨ ਇਸ ਸੰਘਰਸ਼ ਨੂੰ ਬੀਤੇ ਚੁੱਕੇ ਹਨ ਤੇ 143 ਤੋਂ ਵੱਧ ਸਾਜ਼ਿਸ਼ਾਂ ਰਚੀਆਂ ਜਾ ਚੁੱਕੀਆਂ ਹਨ। ਟਿਕੈਤ ਨੇ ਕਿਹਾ ਕਿ ਇਹ ਸੰਘਰਸ਼ ਜਾਰੀ ਰਹੇਗਾ।

ਕੋਰੋਨਾ ਦਾ ਡਰ ਵਿਖਾ ਕੇ ਸਰਕਾਰ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜੋ ਪੂਰੀਆਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਸਾਨੂੰ ਕੋਰੋਨਾ ਦਾ ਡਰ ਦਿਖਾਉਣ ਦੀ ਬਜਾਏ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਚੋਣ ਰੈਲੀਆਂ ਬੰਦ ਕਰਨ। ਇਸ ਮੌਕੇ ਸੂਚਨਾ ਕੇਂਦਰ ਸ੍ਰੀ ਦਰਬਾਰ ਸਾਹਿਬ ਵਿਖੇੇ ਮੈਨੇਜਰ ਨਰਿੰਦਰ ਸਿੰਘ ਮਥਰੇਵਾਲ ਨੇ ਗੋਰਵ ਟਿਕੈਤ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Posted By: Jagjit Singh