ਗੁਰਮੀਤ ਸੰਧੂ, ਅੰਮਿ੍ਤਸਰ : ਸਮਾਜ ਵਿਰੋਧੀ ਅਨਸਰਾਂ ਵਾਸਤੇ ਡਰ ਅਤੇ ਖੌਫ ਦਾ ਪ੍ਰਤੀਕ ਕਹਾਉਣ ਵਾਲਾ ਮਹਿਕਮਾ ਪੰਜਾਬ ਪੁਲਿਸ ਦੇ ਏਸੀਪੀ ਦਫਤਰ ਦੇ ਅਮਲੇ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਦਫ਼ਤਰ ਵਿਚ 6 ਫੁੱਟ ਲੰਮਾ ਜੀਪੀ ਪ੍ਰਜਾਤੀ ਦਾ ਸੱਪ ਆ ਧਮਕਿਆ, ਜੋ ਬੀਤੇ ਕਈ ਮਹੀਨਿਆਂ ਤੋਂ ਲੁੱਕਣ ਮੀਚੀ ਦੀ ਖੇਡ ਰਿਹਾ ਸੀ। ਇਸ ਨੂੰ ਐੱਸਪੀਸੀਏ ਦੇ ਸਾਬਕਾ ਇੰਸਪੈਕਟਰ ਅਤੇ ਮਾਹਰ ਅਸ਼ੋਕ ਜੋਸ਼ੀ ਮੋਦਗਿੱਲ ਵੱਲੋਂ ਬੜੀ ਜੱਦੋ-ਜਹਿਦ ਉਪਰੰਤ ਕਾਬੂ ਕੀਤਾ ਗਿਆ।

ਇਸ ਸਬੰਧੀ ਅਸ਼ੋਕ ਜੋਸ਼ੀ ਮੋਦਗਿੱਲ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਏਸੀਪੀ ਸੁਸ਼ੀਲ ਕੁਮਾਰ ਦੇ ਦਫਤਰ ਤੋਂ ਇਸ ਸੱਪ ਦੀ ਉਥੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਨੂੰ ਉਨ੍ਹਾਂ ਨੇ ਕਾਬੂ ਕੀਤਾ, ਜਿਸ ਤੋਂ ਬਾਅਦ ਏਸੀਪੀ ਦਫਤਰ ਦੇ ਸਟਾਫ ਨੇ ਸੁੱਖ ਦਾ ਸਾਹ ਲਿਆ। ਉਨ੍ਹਾਂ ਦੱਸਿਆ ਕਿ ਛੇ ਫੁੱਟ ਲੰਮੇਂ ਇਸ ਜੀਪੀ ਪ੍ਰਜਾਤੀ ਸੱਪ ਨੂੰ ਉਨ੍ਹਾਂ ਵਲੋਂ ਰੱਖਬਹੋੜੂ ਵਿਖੇ ਲਿਜਾ ਕੇ ਛੱਡ ਦਿੱਤਾ ਗਿਆ।