ਅੰਮ੍ਰਿਤਸਰ : ਕਾਂਗਰਸ ਦੇ ਬਾਬਾ ਬੋਹੜ ਮੰਨੇ ਜਾਂਦੇ ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਦੀ ਅੱਜ ਸਵੇਰੇ ਕੋਰੋਨਾ ਨਾਲ ਮੌਤ ਹੋ ਗਈ। ਉਹ 100 ਸਾਲ ਦੇ ਸਨ।

ਆਰ.ਐੱਲ. ਭਾਟੀਆ ਨੇ ਸੰਸਦ ਵਿਚ ਲੰਬੇ ਸਮੇਂ ਗੁਰੂਨਗਰੀ ਅੰਮ੍ਰਿਤਸਰ ਦੀ ਪ੍ਰਤੀਨਿਧਤਾ ਕੀਤੀ। ਆਪਣੇ ਭਰਾ ਦੁਰਗਾਦਾਸ ਭਾਟੀਆ ਦੀ ਮੌਤ ਤੋਂ ਬਾਅਦ 1972 ਵਿਚ ਉਨ੍ਹਾਂ ਨੇ ਪਹਿਲੀ ਵਾਰ ਉਪ ਚੋਣ ਲੜੀ ਅਤੇ ਜਿੱਤ ਹਾਸਲ ਕਰਦੇ ਹੋਏ ਆਪਣਾ ਸਿਆਸਤ ਦਾ ਸਫ਼ਰ ਸ਼ੁਰੂ ਕੀਤਾ। ਛੇ ਵਾਰ ਸੰਸਦ ਮੈਂਬਰ ਰਹਿ ਚੁੱਕੇ ਭਾਟੀਆ ਦੀ ਜਿੱਤ ਦਾ ਸਿਲਸਿਲਾ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਤੋੜਿਆ ਸੀ।

1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਅਤੇ ਦਿੱਲੀ ਦੰਗਿਆਂ ਦਾ ਬਾਵਜੂਦ ਰਘੂਨੰਦਨ ਲਾਲ ਭਾਟੀਆ ਆਮ ਲੋਕਾਂ ਵਿਚ ਆਪਣੀ ਹਰਮਨਪਿਆਰਤਾ ਅਤੇ ਲੋਕਪੱਖੀ ਕਾਰਜਾਂ ਕਾਰਨ ਅੰਮ੍ਰਿਤਸਰ ਦੀ ਸੀਟ ਜਿੱਤ ਕੇ ਕਾਂਗਰਸ ਦੀ ਸਾਖ ਬਚਾਉਣ ਵਿਚ ਕਾਮਯਾਬ ਰਹੇ। 1989 ਦੀਆਂ ਲੋਕ ਸਭਾ ਚੋਣਾਂ ਵਿਚ ਸੂਬੇ ਵਿਚ ਅੱਤਵਾਦ ਦੇ ਕਾਲੇ ਸੰਘਣੇ ਪਰਛਾਵੇਂ ਤੋਂ ਨਹੀਂ ਬਚ ਸਕੇ। ਉਸ ਵੇਲੇ ਦੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਕਿਰਪਾਲ ਸਿੰਘ ਜੋ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਮੈਦਾਨ ਵਿਚ ਉਤਰੇ ਸਨ, ਤੋਂ ਸ਼ਿਕਸਤ ਹਾਸਲ ਕੀਤੀ। ਪਰ ਲੋਕ ਪੱਖੀ ਕਾਰਜਾਂ ਵਿਚ ਨਿਰੰਤਰ ਕਾਰਜਸ਼ੀਲ ਭਾਟੀਆ ਨੇ 1991 ਤੇ 1996 ਦੀਆਂ ਚੋਣਾਂ ਜਿੱਤੀਆਂ।

31 ਸਾਲ ਬਾਅਦ 1998 ਵਿਚ ਭਾਜਪਾ ਨੇ ਸਿੱਖ ਪੱਤਾ ਖੇਡ ਕੇ ਕਾਂਗਰਸੀ ਦਿੱਗਜ ਆਗੂ ਆਰਐਲ ਭਾਟੀਆ ਨੂੰ ਹਰਾ ਕੇ ਸੀਟ ਜਿੱਤ ਲਈ।

ਆਰਐਲ ਭਾਟੀਆ ਭਾਵੇਂ ਇਕ ਸੁਲਝੇ ਹੋਏ ਦਿੱਗਜ ਆਗੂ ਸਨ ਅਤੇ ਲੰਬਾ ਸਮਾਂ ਸਿਆਸਤ ਵਿਚ ਰਹੇ ਅਤੇ ਜਿੱਤ ਹਾਸਲ ਕੀਤੀ ਪਰ ਕਦੇ ਵੀ ਹੈਟ੍ਰਿਕ ਨਹੀਂ ਬਣਾ ਸਕੇ। ਭਾਰਤੀ ਜਨਤਾ ਪਾਰਟੀ ਨੇ ਸੈਲੀਬ੍ਰਿਟੀ ਚਿਹਰੇ ਨਵਜੋਤ ਸਿੰਘ ਨੂੰ ਇਨ੍ਹਾਂ ਖਿਲਾਫ਼ ਚੋਣ ਮੈਦਾਨ ਵਿਚ ਉਤਾਰ ਕੇ ਜਿੱਤ ਦਾ ਪਰਚਮ ਲਹਿਰਾ ਦਿੱਤਾ। 2004, ਉਪ ਚੋਣਾਂ 2007 ਅਤੇ 2009 ਤਕ ਲਗਾਤਾਰ ਜਿੱਤ ਦਰਜ ਕਰਵਾ ਕੇ ਹੈਟ੍ਰਿਕ ਬਣਾਈ।

ਭਾਟੀਆ 23 ਜੂਨ 2004 ਤੋਂ 10 ਜੁਲਾਈ 2008 ਤਕ ਕੇਰਲ ਦੇ ਰਾਜਪਾਲ ਅਤੇ 10 ਜੁਲਾਈ 2008 ਤੋਂ 28 ਜੂੁਨ 2009 ਤਕ ਬਿਹਾਰ ਦੇ ਰਾਜਪਾਲ ਰਹੇ। ਇਸ ਤੋਂ ਇਲਾਵਾ ਭਾਟੀਆ ਪੀਵੀ ਨਰਸਿਮ੍ਹਾ ਦੀ ਸਰਕਾਰ ਵਿਚ 1992 ਵਿਚ ਵਿਦੇਸ਼ ਰਾਜ ਮੰਤਰੀ ਰਹੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਉਨ੍ਹਾਂ ਨੇ 1982 ਤੋਂ 1984 ਤਕ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਅਤੇ 1991 ਵਿਚ ਕਾਂਗਰਸ ਕਮੇਟੀ ਦੇ ਮੁੱਖ ਸਕੱਤਰ ਚੁਣੇ ਗਏ। ਉਨ੍ਹਾਂ ਨੂੰ ਹਮੇਸ਼ਾ ਸਾਫ਼ ਸੁਥਰੀ ਰਾਜਨੀਤੀ ਦੀ ਉਦਾਹਰਣ ਵਜੋਂ ਯਾਦ ਕੀਤਾ ਜਾਂਦਾ ਰਹੇਗਾ।

ਬਤੌਰ MP ਭਾਟੀਆ ਨੇ ਸੰਯੁਕਤ ਰਾਸ਼ਟਰ ਵਿਚ ਡੈਲੀਗੇਟ ਵਜੋਂ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਰਚ 1983 ਵਿਚ, ਦਿੱਲੀ ਵਿਚ ਆਯੋਜਿਤ 7ਵੇਂ ਐੱਨਏਐੱਮ ਸੰਮੇਲਨ ਵਿਚ ਡੈਲੀਗੇਟ ਦੇ ਤੌਰ 'ਤੇ ਭਾਗ ਲਿਆ।

ਭਾਟੀਆ 1983 ਤੋਂ 1984 ਤਕ India Council for Cultural Relations ਦਾ ਮੈਂਬਰ ਵੀ ਰਹੇ। ਉਹ 1983 ਤੋਂ 1990 ਤਕ ਇੰਡੀਆ ਬੁਲਗਾਰੀਆ ਫ੍ਰੈਂਡਸ਼ਿਪ ਸੁਸਾਇਟੀ ਦੇ ਚੇਅਰਮੈਨ ਰਹੇ ਅਤੇ ਇੰਡੋ-ਜੀਡੀਆਰ ਫਰੈਂਡਸ਼ਿਪ ਐਸੋਸੀਏਸ਼ਨ 1983 ਤੋਂ 1990 ਤਕ ਉਹ ਸਹਿ-ਚੇਅਰਮੈਨ ਵੀ ਰਹੇ।

ਭਾਟੀਆ 'ਤੇ ਦੋ ਵੱਡੇ ਅੱਤਵਾਦੀ ਹਮਲੇ ਹੋਏ ਸੀ ਪਹਿਲਾਂ 19 ਅਪ੍ਰੈਲ 1985 ਜਦੋਂ ਇਕ ਬੰਦੂਕਧਾਰੀਆਂ ਦੇ ਇਕ ਸਮੂਹ ਨੇ 14 ਗੋਲ਼ੀਆਂ ਚਲਾਈ ਸੀ ਉਸ ਸਮੇਂ ਉਹ ਪਾਰਟੀ ਦੇ ਵਰਕਰਾਂ ਨੂੰ ਮਿਲ ਕੇ ਅੰਮ੍ਰਿਤਸਰ ਵਿਖੇ ਆਪਣੀ ਰਿਹਾਇਸ਼ 'ਤੇ ਜਾ ਰਹੇ ਸੀ। 1990 'ਚ ਦੂਜਾ ਹਮਲਾ ਉਨ੍ਹਾਂ ਨੇ ਉਦੋਂ ਹੋਇਆ ਜਦੋਂ ਉਹ ਇਕ ਪਬਲਿਕ ਮੀਟਿੰਗ ਲਈ ਬਟਾਲਾ ਜਾ ਰਹੇ ਸੀ ਹਾਲਾਂਕਿ ਉਹ ਮੌਕੇ 'ਤੋਂ ਭੱਜਣ 'ਚ ਸਫਲ ਰਹੇ ਪਰ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। 1991 'ਚ ਉਨ੍ਹਾਂ ਨਾਲ ਇਕ ਹੋਰ ਘਟਨਾ ਵਾਪਰੀ ਜਿਸ ਕਾਰਨ ਉਨ੍ਹਾਂ ਨੂੰ ਇਕ ਵੱਡਾ ਝਟਕਾ ਲੱਗਾ। ਇਸ ਦੌਰਾਨ ਭਾਟੀਆ ਦੇ ਇਕ ਨੇੜਲੇ ਰਿਸ਼ਤੇਦਾਰ 11 ਸਾਲਾ ਦੇਵਨ ਮੁੰਜਾਲ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਨੌਜਵਾਨ ਮੁੰਜਾਲ ਨੂੰ 35 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

Posted By: Tejinder Thind