ਪੰਜਾਬ ਜਾਗਰਣ ਟੀਮ, ਜੰਡਿਆਲਾ ਗੁਰੂ : ਦੂਜੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਵੱਖ-ਵੱਖ ਜ਼ਿਲਿ੍ਆਂ ਵਿਚ ਸਪਲਾਈ ਕਰਨ ਵਾਲੇ ਗਿਰੋਹ ਦੇ ਛੇ ਅਨਸਰਾਂ ਨੂੰ ਪੁਲਿਸ ਨੇ ਕਾਬੂ ਕਰ ਕੇ ਉਨ੍ਹਾਂ ਤੋਂ 90 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਛੇ ਮੁਲਜ਼ਮਾਂ ਤੋਂ ਇਲਾਵਾ ਪੰਜਾਬ ਯੂਥ ਕਾਂਗਰਸ ਦਾ ਬੁਲਾਰਾ ਕੰਵਰਪਾਲ ਹਾਲੇ ਫ਼ਰਾਰ ਹੈ।

ਜੰਡਿਆਲਾ ਗੁਰੂ ਥਾਣੇ ਦੇ ਇੰਚਾਰਜ ਹਰਚੰਦ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਹੋਈ ਸੀ ਕਿ ਬਾਹਰੋਂ ਸ਼ਰਾਬ ਲਿਆ ਕੇ ਗੁਰਦਾਸਪੁਰ, ਪਠਾਨਕੋਟ, ਅੰਮਿ੍ਤਸਰ, ਬਟਾਲਾ ਤੇ ਤਰਨਤਾਰਨ ਵਗੈਰਾ ਵਿਚ ਸਪਲਾਈ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਨਾਕਾਬੰਦੀ ਕੀਤੀ ਤਾਂ ਤਰਨਤਾਰਨ ਵਾਲੇ ਪਾਸਿਓਂ ਆ ਰਹੀਆਂ ਦੋ ਕਾਰਾਂ ਤੇ ਟੈਂਪੂ ਦੀ ਤਲਾਸ਼ੀ ਲਈ। ਇਨ੍ਹਾਂ ਵਿੱਚੋਂ 90 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਪਿੰਡ ਕਲੇਰ ਕਲਾਂ ਦੇ ਲਵਪ੍ਰੀਤ ਸਿੰਘ, ਕੇਲੇ ਕਲਾਂ ਦੇ ਕਰਨਪ੍ਰੀਤ ਸਿੰਘ, ਪਾਹੁਲਜੀਤ, ਪੱਟੀ ਵਾਸੀ ਬਲਜਿੰਦਰ ਸਿੰਘ ਤੇ ਗੁਰਦਾਸਪੁਰ ਦੇ ਪਿੰਡ ਘੁੰਮਣ ਕਲਾਂ ਦੇ ਲਵਪ੍ਰੀਤ ਤੇ ਪੱਟੀ ਵਾਸੀ ਸਰਪ੍ਰੀਤ ਸਿੰਘ ਜੋਤੀ ਸੇਖੋਂ ਵਜੋਂ ਹੋਈ ਹੈ। ਉਥੇ ਪੰਜਾਬ ਯੂਥ ਕਾਂਗਰਸ ਦਾ ਬੁਲਾਰਾ ਕੰਵਰਪਾਲ ਸਿੰਘ ਹਰਮਨ ਸੇਖੋਂ ਫ਼ਰਾਰ ਹੈ। ਦੋਵੇਂ ਜਣੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਨੇੜਲੇ ਹਨ। ਇਨ੍ਹਾਂ ਦੀਆਂ ਮੁੱਖ ਮੰਤਰੀ ਤੇ ਗਿੱਲ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ ਹਨ।

ਸਰਪ੍ਰੀਤ ਸੇਖੋਂ ਨੇ ਤਫ਼ਤੀਸ਼ ਦੌਰਾਨ ਕਬੂਲ ਕੀਤਾ ਕਿ ਉਹ ਵਟਸਐਪ ਜ਼ਰੀਏ ਕਾਲ ਕਰਦੇ ਸਨ ਤੇ ਅਰੁਣਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਤਕ ਸ਼ਰਾਬ ਮੰਗਾਉਂਦੇ ਸਨ। ਉਥੇ ਸ਼ਰਾਬ ਰੱਖਣ ਲਈ ਗੁਦਾਮ ਬਣਾਏ ਗਏ ਹਨ।

ਪੁਲਿਸ 'ਤੇ ਦਬਾਅ ਪਾਉਣ ਦੀ ਕੋਸ਼ਿਸ਼

ਸੂਤਰਾਂ ਮੁਤਾਬਕ ਇਕ ਵਿਧਾਇਕ ਦੇ ਕਰੀਬੀ ਵਕੀਲ ਨੇ ਥਾਣੇ ਪੁੱਜ ਕੇ ਪੁਲਿਸ 'ਤੇ ਦਬਾਅ ਬਣਾਉਣ ਦਾ ਯਤਨ ਕੀਤਾ। ਇਸ ਬਾਰੇ ਡੀਐੱਸਪੀ ਸੁਖਵਿੰਦਰਪਾਲ ਸਿੰਘ ਨੇ ਐੱਸਐੱਸਪੀ ਧਰੁਵ ਦਹੀਆ ਨੂੰ ਇਤਲਾਹ ਕਰ ਦਿੱਤੀ। ਸਰਪ੍ਰੀਤ ਸੇਖੋਂ ਦੇ ਘਰ ਛਾਪਾ ਮਾਰਿਆ ਗਿਆ, ਉਥੋਂ ਕਈ ਤਰ੍ਹਾਂ ਦੇ ਕਾਗਜ਼ ਪੱਤਰ ਮਿਲੇ ਹਨ।

ਵਿਧਾਇਕ ਦਾ ਪੱਖ

ਇਸ ਸਬੰਧੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਸੇਖੋਂ ਗਰੁੱਪ ਕੋਲ ਪੱਟੀ ਦੇ ਸ਼ਰਾਬ ਦੇ ਠੇਕਿਆਂ ਦਾ ਲਾਇਸੈਂਸ ਹੈ। ਉਨ੍ਹਾਂ ਖ਼ਿਲਾਫ਼ ਨਾਜਾਇਜ਼ ਸ਼ਰਾਬ ਦਾ ਕੋਈ ਮਾਮਲਾ ਦਰਜ ਹੋਣ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਦਾ ਕੋਈ ਕਰੀਬੀ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਨਹੀਂ ਕਰ ਸਕਦਾ।