ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਖਾਲਸਾ ਪੰਥ 'ਚੋਂ ਛੇਕੇ ਹੋਏ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਮੰਗ-ਪੱਤਰ ਸਕੱਤਰੇਤ ਵਿਖੇ ਮੈਨੇਜਰ ਜਸਪਾਲ ਸਿੰਘ ਨੂੰ ਦਿੱਤਾ। ਮੰਗ-ਪੱਤਰ ਵਿਚ ਸਤਬੀਰ ਸਿੰਘ ਦੇ ਨਾਲ ਗੁਰਦਾਸਪੁਰ ਦੀਆਂ ਸੰਗਤਾਂ ਨੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਸਿੱਖ ਪੰਥ ਵਿਚੋਂ ਛੇਕਿਆ ਗਿਆ ਸੀ ਅਤੇ ਉਸ ਉਪਰ ਹਰ ਤਰ੍ਹਾਂ ਦੇ ਧਾਰਮਿਕ, ਸਮਾਜਿਕ ਕਾਰਜਾਂ ਉਪਰ ਰੋਕ ਲਗਾਈ ਸੀ ਪਰ ਇਸ ਦੇ ਬਾਵਜੂਦ ਸੁੱਚਾ ਸਿੰਘ ਧਾਰਮਿਕ, ਸਮਾਜਿਕ ਅਤੇ ਸਿਆਸੀ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ।

ਪਿਛਲੇ ਦਿਨੀਂ ਪਿੰਡ ਖੋਦੇ ਬੇਟ ਹਰਪਾਲ ਸਿੰਘ ਦੀ ਮਾਤਾ ਦੀ ਅੰਤਿਮ ਅਰਦਾਸ ਸਮਾਗਮ ਮੌਕੇ ਲੰਗਾਹ ਆਪਣੇ 15-20 ਸਾਥੀਆਂ ਨਾਲ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਿਆ, ਇਸ ਦੇ ਆਉਣ 'ਤੇ ਢਾਡੀ ਖੜਕ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਾਡੇ ਦਰਮਿਆਨ ਪੰਥ ਦੀ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਪਹੁੰਚੀ ਹੈ ਅਸੀਂ ਇਨ੍ਹਾਂ ਨੂੰ ਜੀ ਆਇਆ ਆਖਦੇ ਹਾਂ। ਇਕ ਛੇਕੇ ਹੋਏ ਵਿਅਕਤੀ ਬਾਰੇ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਹਜ਼ੂਰੀ ਵਿਚ ਅਜਿਹਾ ਕਹਿਣਾ ਜਿਥੇ ਘੋਰ ਮਨਮਤਿ ਹੈ ਉਥੇ ਗੁਰਮਰਿਆਦਾ ਅਤੇ ਸਿੱਖ ਪਰੰਪਰਾਵਾਂ ਦਾ ਘਾਣ ਵੀ ਹੈ।

ਇਸ ਸਮਾਗਮ ਵਿਚ ਇੰਦਰਜੀਤ ਸਿੰਘ ਰੰਧਾਵਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਹੀ ਸਮਾਗਮ ਵਿਚ ਹਾਜ਼ਰ ਸਨ। ਜੋ ਰੋਸ ਵਜੋਂ ਸਮਾਗਮ ਵਿਚੋਂ ਉਠ ਕੇ ਚਲੇ ਗਏ। ਅਸੀ ਇਹ ਵੀ ਸਮਝਦੇ ਹਾਂ ਕਿ ਇਕ ਪੰਥ ਵਿਚੋਂ ਛੇਕੇ ਹੋਏ ਵਿਅਕਤੀ ਨਾਲ ਸਾਂਝ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਨਿਆਰੀ ਹਸਤੀ ਨੂੰ ਚੁਣੌਤੀ ਦੇ ਰਹੇ ਹਨ। ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਦੂਜੇ ਪਾਸੇ ਲੰਗਾਹ ਅਤੇ ਇਸ ਦੇ ਸਾਥੀ ਇਹ ਕਹਿੰਦੇ ਫਿਰਦੇ ਹਨ ਕਿ ਲੰਗਾਹ ਨੇ ਆਪਣੇ ਨਿਰਦੋਸ਼ ਹੋਣ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੀਤੀ ਹੈ। ਇਸੇ ਕਰਕੇ ਉਹ ਸੰਗਤ ਵਿੱਚ ਵਿਚਰ ਰਹੇ ਹਨ। ਇਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਗਤ ਦੇ ਸਾਹਮਣੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਇਸ ਮੌਕੇ ਅਵਤਾਰ ਸਿੰਘ, ਮੁਖਵਿੰਦਰ ਸਿੰਘ, ਬਚਿੱਤਰ ਸਿੰਘ, ਜਗਤਾਰ ਸਿੰਘ, ਤਰਲੋਚਨ ਸਿੰਘ, ਜਸਵੰਤ ਸਿੰਘ ਆਦਿ ਮੌਜੂਦ ਸਨ।

ਪੰਥ 'ਚੋਂ ਛੇਕੇ ਵਿਅਕਤੀ ਨਾਲ ਕੋਈ ਮਿਲਵਰਤਨ ਨਾ ਰੱਖਿਆ ਜਾਵੇ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਵਿਅਕਤੀਆਂ ਨਾਲ ਮਿਲਵਰਤਨ ਰੱਖਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਹੈ। ਸਿੱਖ ਪੰਥ ਵੱਲੋਂ ਛੇਕੇ ਵਿਅਕਤੀ ਸੁੱਚਾ ਸਿੰਘ ਲੰਗਾਹ ਆਦਿ ਨਾਲ ਮਿਲਵਰਤਨ ਰੱਖਣ ਤੋਂ ਸੰਗਤ ਨੂੰ ਪ੍ਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਕਾਇਮ ਰਹਿ ਸਕੇ। ਉਨ੍ਹਾਂ ਨੇ ਢਾਡੀ ਖੜਕ ਸਿੰਘ ਨੂੰ ਦਸ ਦਿਨ੍ਹਾਂ ਵਿਚ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਹੈ।

ਗੁਰੂ ਜੀ ਦੀ ਤੁਲਨਾ ਡੇਰਾ ਮੁੱਖੀ ਨਾਲ ਕਰਕੇ ਕੀਤੀ ਮਰਿਆਦਾ ਦੀ ਉਲੰਘਣਾ

ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਨਿਸ਼ਾਨ ਸਿੰਘ ਨੇ ਡੇਰਾ ਸਿਰਸਾ ਪ੍ਰੇਮੀਆਂ ਦੇ ਸਮਾਗਮ ਵਿਖੇ ਬੋਲਦਿਆਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਜਿਸ 'ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਨੂੰ ਆਦੇਸ਼ ਕੀਤਾ ਹੈ ਕਿ ਇਸ ਦੋਸ਼ੀ ਵਿਅਕਤੀ 'ਤੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਧਾਰਾ 295-ਏ ਹੇਠ ਪਰਚਾ ਦਰਜ ਕਰਵਾਇਆ ਜਾਵੇ ਤਾਂ ਜੋ ਦੁਬਾਰਾ ਕੋਈ ਵਿਅਕਤੀ ਐਸੀ ਗਲਤੀ ਨਾ ਕਰੇ।

ਸਿੰਘ ਸਾਹਿਬ ਨੇ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਚੋਣ ਰੈਲੀਆਂ ਵਿਚ ਧਰਮ ਸਬੰਧੀ ਬੋਲਣ ਲੱਗਿਆ ਸੰਕੋਚ ਕੀਤਾ ਜਾਵੇ ਤਾਂ ਜੋ ਗਲਤ ਬੋਲਣ ਨਾਲ ਕਿਸੇ ਦੀ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪੁੱਜੇ।