ਜੇਐੱਨਐੱਨ, ਅੰਮ੍ਰਿਤਸਰ : ਕਾਂਗਰਸ ’ਚ ਵੱਡੀ ਉਥਲ-ਪੁਥਲ ਤੇ ਹਲਚਲ ਪੈਦਾ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਵਿਕਾਸ ਦਾ ਪੈਸਾ ਵਿਕਾਸ ’ਤੇ ਨਹੀਂ ਲਾਇਆ ਜਾਂਦਾ। ਸੜਕਾਂ ਇਸ ਲਈ ਠੀਕ ਨਹੀਂ ਬਣਦੀਆਂ ਕਿਉਂਕਿ ਪੈਸੇ ਖਾਧੇ ਜਾਂਦੇ ਹਨ। ਪੰਜਾਬ ’ਚ ਨਸ਼ਾ ਤਸਕਰੀ ਨੂੰ ਪੰਜਾਬ ਪੁਲਿਸ ਕੰਟਰੋਲ ਨਹੀਂ ਕਰ ਪਾਉਂਦੀ। ਬਾਰਡਰ ਏਰੀਆ ਦੇ ਲੋਕ ਅਕਾਲੀ ਦਲ ਦਾ ਨਾਂ ਲੈ ਕੇ ਸ਼ਰ੍ਹੇਆਮ ਕਹਿੰਦੇ ਹਨ ਕਿ ਉਹ ਨਸ਼ਾ ਵੇਚਦੇ ਹਨ।

ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹਮੇਸ਼ਾ ਪੰਜਾਬ ਦੇ ਲੋਕਾਂ ਦਾ ਭਲ਼ਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ 13 ਸੂਤਰੀ ਏਜੰਡਾ ਹਾਈਕਮਾਨ ਦੇ ਸਾਹਮਣੇ ਰੱਖਿਆ ਹੈ। ਇਹ ਏਜੰਡਾ ਆਮ ਜਨਤਾ ਦਾ ਹੈ। ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਨੇ ਈਸਟ ਵਿਧਾਨ ਸਭਾ ਖੇਤਰ ਦਾ ਕੰਮ ਕੀਤਾ ਹੈ। ਵਿਕਾਸ ਦਾ ਸਾਰਾ ਪੈਸਾ ਵਿਧਾਨ ਸਭਾ ਖੇਤਰ ’ਤੇ ਖ਼ਰਚ ਕੀਤਾ ਗਿਆ ਹੈ। ਇਕ ਪੈਸਾ ਆਪਣੇ ਘਰ ਨਹੀਂ ਲੈ ਕੇ ਗਏ।

ਚਾਹੋ ਤਾਂ ਇਨਕਮ ਟੈਕਸ ਦਾ ਛਾਪਾ ਪਵਾ ਕੇ ਪੁਸ਼ਟੀ ਕਰਵਾ ਸਕਦੇ ਹੋ। ਨਵਜੋਤ ਕੌਰ ਸਿੱਧੂ ਸੋਮਵਾਰ ਨੂੰ ਗੋਲਡਨ ਐਵਨਿਊ ’ਚ ਬਿਜਲੀ ਮਾਫ਼ੀ ਕੈਂਪ ’ਚ ਪਹੁੰਚੀ ਸੀ। ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਨਵਜੋਤ ਨੇ ਕਿਹਾ ਕਿ ਜੋ ਲੋਕ ਇਹ ਚਾਹੁੰਦੇ ਹਨ ਕਿ ਉਹ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ’ਚ ਪਾਕਿਸਤਾਨ ਗਏ, ਉਨ੍ਹਾਂ ਨੂੰ ਇਹ ਯਾਦ ਨਹੀਂ ਕਿ ਉਨ੍ਹਾਂ ਦਾ ਮਕਸਦ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੁਲ੍ਹਵਾਉਣਾ ਸੀ। ਸਿੱਧੂ ਆਪਣੇ ਨਿੱਜੀ ਕੰਮ ਕਰਕੇ ਕਦੇ ਪਾਕਿਸਤਾਨ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਦਾ ਉੱਥੇ ਕੋਈ ਵਪਾਰ ਹੈ। ਪੰਜਾਬ ਦੇ ਕਈ ਅਜਿਹੇ ਵੱਡੇ ਨੇਤਾ ਹਨ ਜੋ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਘਰਾਂ ’ਚ ਬਿਠਾਉਂਦੇ ਹਨ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦੋ ਕਿਲੋਵਾਟ ਦੇ ਬਕਾਇਆ ਬਿੱਲ ਮਾਫ਼ ਕਰਕੇ ਲੋਕਾਂ ਨੂੰ ਤੋਹਫ਼ਾ ਦਿੱਤਾ ਹੈ। ਕੈਂਪ ਲਾ ਕੇ ਲੋਕਾਂ ਦੇ ਬਿੱਲਾਂ ਨੂੰ ਮਾਫ਼ ਕੀਤਾ ਜਾ ਰਿਹਾ ਹੈ।

Posted By: Jagjit Singh