ਮਨੋਜ ਕੁਮਾਰ, ਅੰਮਿ੍ਤਸਰ : ਥਾਣਾ ਕੰਬੋਅ ਅਧੀਨ ਪੈਂਦੀ ਪੁਲਿਸ ਚੌਕੀ ਬੱਲ ਕਲਾਂ ਦੇ ਇੰਚਾਰਜ ਐੱਸਆਈ ਸੁਖਦੇਵ ਸਿੰਘ ਨੂੰ ਚੈਕਿੰਗ ਦੌਰਾਨ ਇਕ ਕਾਰ ਸਵਾਰ ਨੇ ਵਾਹਨ ਹੇਠਾਂ ਦੇ ਦਿੱਤਾ। ਇਸ ਘਟਨਾ 'ਚ ਜ਼ਖ਼ਮੀ ਹੋਏ ਐੱਸਆਈ ਸੁਖਦੇਵ ਸਿੰਘ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧ 'ਚ ਥਾਣਾ ਕੰਬੋਅ 'ਚ ਦਰਜ ਕਰਵਾਏ ਬਿਆਨਾਂ 'ਚ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਚੌਕੀ ਬੱਲ ਕਲਾਂ ਇੰਚਾਰਜ ਐੱਸਆਈ ਸੁਖਦੇਵ ਸਿੰਘ ਦੀ ਅਗਵਾਈ 'ਚ ਨਾਕੇਬੰਦੀ ਕੀਤੀ ਹੋਈ ਸੀ। ਐੱਸਆਈ ਸੁਖਦੇਵ ਸਿੰਘ ਇਕ ਬਲੈਰੋ ਗੱਡੀ ਨੂੰ ਰੋਕ ਕੇ ਕਾਗ਼ਜ਼ ਚੈੱਕ ਕਰ ਰਹੇ ਸਨ। ਇਸੇ ਦੌਰਾਨ ਅੰਮਿ੍ਤਸਰ ਵਾਲੇ ਪਾਸਿਓਂ ਇਕ ਇਨੋਵਾ ਗੱਡੀ ਤੇਜ਼ ਰਫ਼ਤਾਰ ਨਾਲ ਆਈ ਤੇ ਬਲੈਰੋ ਗੱਡੀ ਦੀ ਚੈਕਿੰਗ ਕਰ ਰਹੇ ਐੱਸਆਈ ਸੁਖਦੇਵ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਸਿੱਧੀ ਲਿਆ ਕੇ ਉਨ੍ਹਾਂ 'ਚ ਮਾਰੀ। ਇਹ ਗੱਡੀ ਐੱਸਆਈ ਸੁਖਦੇਵ ਸਿੰਘ ਉਪਰ ਚੜ੍ਹ ਗਈ ਤੇ ਬਲੈਰੋ ਗੱਡੀ ਦਾ ਵੀ ਕਾਫ਼ੀ ਨੁਕਸਾਨ ਹੋਇਆ। ਇਸ ਦੌਰਾਨ ਇਨੋਵਾ ਗੱਡੀ ਦਾ ਚਾਲਕ ਮੌਕੇ ਤੋਂ ਗੱਡੀ ਭਜਾ ਕੇ ਲੈ ਗਿਆ। ਐੱਸਆਈ ਸੁਖਦੇਵ ਸਿੰਘ ਨੂੰ ਹਰਤੇਜ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।