ਅੰਮਿ੍ਤਸਰ : ਭਾਰਤ ਆ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਵਿਆਹ ਕਰ ਕੇ ਕੁਝ ਸਮਾਂ ਪਤਨੀਆਂ ਨਾਲ ਬਿਤਾ ਕੇ ਵਿਦੇਸ਼ ਫੁਰਰ ਹੋਣ ਦੇ 7 ਮਾਮਲਿਆਂ ਵਿਚ ਖੇਤਰੀ ਪਾਸਪੋਰਟ ਅਧਿਕਾਰੀ ਨੇ ਪਰਵਾਸੀ ਲਾੜਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਵਿਦੇਸ਼ ਮੰਤਰਾਲੇ ਦੇ ਪਾਸਪੋਰਟ ਦਫਤਰ ਵੱਲੋਂ ਜਾਰੀ ਨੋਟਿਸ ਵਿਚ ਉਨ੍ਹਾਂ ਨੂੰ ਇਕ ਹਫਤੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਵਿਚ ਤਸੱਲੀਬਖਸ਼ ਜਵਾਬ ਨਾ ਦੇਣ 'ਤੇ ਉਕਤ ਵਿਦੇਸ਼ੀ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ।

ਖੇਤਰੀ ਪਾਸਪੋਰਟ ਦਫਤਰ ਵਿਚ ਵਲੰਟੀਅਰ ਰੁਪਿੰਦਰ ਕੌਰ ਸਿੱਧੂ ਨੇ ਦੱਸਿਆ ਕਿ ਵਿਦੇਸ਼ ਵਿਚ ਵਸਣ ਤੋਂ ਬਾਅਦ ਭਾਰਤ ਆ ਕੇ ਪਰਵਾਸੀ ਲਾੜੇ ਇਥੋਂ ਦੀਆਂ ਲੜਕੀਆਂ ਨੂੰ ਵਿਦੇਸ਼ ਲਿਜਾਣ ਦੇ ਝਾਂਸੇ ਵਿਚ ਲੈ ਕੇ ਵਿਆਹ ਕਰ ਲੈਂਦੇ ਹਨ। ਪਤਨੀ ਦੇ ਦਸਤਾਵੇਜ਼ ਮੁਕੰਮਲ ਕਰ ਕੇ ਜਲਦ ਉਸ ਨੂੰ ਬਾਹਰ ਬੁਲਾਉਣ ਦੀ ਗੱਲ ਕਹਿ ਕੇ ਵਿਦੇਸ਼ ਚਲੇ ਜਾਂਦੇ ਹਨ। ਕਈ ਮਾਮਲਿਆਂ ਵਿਚ ਤਾਂ ਪਰਵਾਸੀ ਲਾੜੇ ਬਾਹਰੋਂ ਹੀ ਤਲਾਕ ਦੇ ਦਸਤਾਵੇਜ਼ ਭੇਜ ਦਿੰਦੇ ਹਨ। 12 ਪਾਸਪੋਰਟ ਰੱਦ ਕੀਤੇ ਜਾਣ ਦੇ ਮਾਮਲੇ ਵਿਚ 2 ਮਹਿਲਾ ਪਰਵਾਸੀ ਪਤਨੀਆਂ ਦਾ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਲੜਕੀਆਂ ਵੀ ਇਸ ਵਿਚ ਪਿੱਛੇ ਨਹੀਂ। ਉਨ੍ਹਾਂ ਦੱਸਿਆ ਕਿ ਧੋਖੇਬਾਜ਼ ਲਾੜੇ ਜਾਂ ਲਾੜੀਆਂ ਦਾ ਪਾਸਪੋਰਟ ਰੱਦ ਕੀਤੇ ਜਾਣ ਲਈ ਮੁਲਜ਼ਮਾਂ 'ਤੇ ਪਰਚੇ ਦਰਜ ਕੀਤੇ ਜਾਣ ਤੋਂ ਬਾਅਦ ਐੱਲਓਸੀ ਜਾਰੀ ਕਰਵਾਇਆ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਕੋਰਟ ਕੇਸ ਦੇ ਸੰਮਨਾਂ ਦੇ ਆਧਾਰ 'ਤੇ ਜਾਂ ਫਿਰ ਵਿਆਹ ਤੋਂ ਬਾਅਦ ਪਾਸਪੋਰਟ ਵਿਚ ਪਤਨੀ ਦਾ ਨਾਂ ਦਰਜ ਨਾ ਕਰਵਾਉਣ 'ਤੇ ਵੀ ਇਹ ਕਾਰਵਾਈ ਕੀਤੀ ਜਾ ਸਕਦੀ ਹੈ।

ਦੋ ਪਰਵਾਸੀ ਲਾੜੀਆਂ ਤੇ 10 ਲਾੜਿਆਂ ਦੇ ਰੱਦ ਹੋ ਚੁੱਕੇ ਨੇ ਪਾਸਪੋਰਟ

ਖੇਤਰੀ ਪਾਸਪੋਰਟ ਦਫਤਰ ਨੇ ਵਿਦੇਸ਼ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਪਿਛਲੇ ਸਮੇਂ ਦੌਰਾਨ ਵਿਦੇਸ਼ਾਂ ਵਿਚ ਮੌਜੂਦ 12 ਲੋਕਾਂ ਦੇ ਪਾਸਪੋਰਟ ਰੱਦ ਕੀਤੇ ਹਨ। ਇਨ੍ਹਾਂ ਵਿਚ 2 ਪਰਵਾਸੀ ਲਾੜੀਆਂ ਵੀ ਸ਼ਾਮਲ ਹਨ। ਵਿਭਾਗ ਨੇ ਇਹ ਕਾਰਵਾਈ ਉਕਤ ਸਾਰੇ ਮਾਮਲਿਆਂ ਵਿਚ ਪੀੜਤਾਂ ਵੱਲੋਂ ਜ਼ਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਕੀਤੀ ਹੈ। ਪਿਛਲੇ ਦਿਨੀਂ ਰੱਦ ਕੀਤੇ ਗਏ ਪਾਸਪੋਰਟ ਮਾਮਲਿਆਂ ਵਿਚ ਇਕ ਪਰਵਾਸੀ ਪਤੀ ਅਤੇ ਇਕ ਪਰਵਾਸੀ ਪਤਨੀ ਭਾਰਤ ਪਹੁੰਚਣ ਤੋਂ ਬਾਅਦ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਜਦਕਿ 10 ਪਤੀ ਵਿਦੇਸ਼ ਵਿਚ ਹਨ।ਪਰਵਾਸੀ ਲਾੜਿਆਂ ਦੇ ਜਵਾਬ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੇ ਮਾਮਲਿਆਂ 'ਚ ਪੀੜਤ ਜਾਂ ਪੀੜਤਾ 0183-2506254 'ਤੇ ਵਲੰਟੀਅਰ ਰੁਪਿੰਦਰ ਕੌਰ ਸਿੱਧੂ ਦੀ ਮਦਦ ਨਾਲ ਆਪਣੇ ਕੇਸ ਨੂੰ ਉਨ੍ਹਾਂ ਸਾਹਮਣੇ ਰੱਖ ਸਕਦੇ ਹਨ। ਇਥੇ ਪਹੁੰਚਦੇ ਹੀ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ। 100 ਹੋਰਨਾਂ ਪਰਵਾਸੀ ਲਾੜਿਆਂ ਦੀ ਲਿਸਟ ਤਿਆਰ ਹੋ ਚੁੱਕੀ ਹੈ। ਇਨ੍ਹਾਂ ਵਿਚ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਪਾਸਪੋਰਟ ਰੱਦ ਕੀਤੇ ਜਾਣ ਸਬੰਧੀ ਕਾਰਵਾਈ ਕੀਤੀ ਜਾਵੇਗੀ।