ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਹਜ਼ੂਰੀ ਕੀਰਤਨੀਏ ਅਤੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਪ੍ਰੋਗਰਾਮਾਂ ਦੇ ਪ੍ਰਬੰਧ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਫਿਲਮੀ ਗੀਤਕਾਰ ਸੁਖਵਿੰਦਰ ਸੁੱਖੀ ਤੋਂ ਗਵਾਏ ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼ ਕਰਨ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚਲੇ ਗੁਰਦੁਆਰਾ ਅੰਬ ਸਾਹਿਬ ਦੀ ਹਦੂਦ ਅੰਦਰ ਨਗਰ ਕੀਰਤਨ ਵਿਚ ਭੰਗੜਾ ਕਲਾਕਾਰਾਂ ਵਲੋਂ ਭੰਗੜਾ ਪਾਉਣਾ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਨੇ ਗੈਰ ਗੁਰਮਤੀ ਕੰਮ ਬੰਦ ਨਾ ਕੀਤੇ ਤਾਂ ਸਿੱਖ ਸਦਭਾਵਨਾ ਦਲ ਵੱਡੇ ਪੱਧਰ ਤੇ ਵਿਰੋਧ ਕਰਨ ਲਈ ਮਜ਼ਬੂਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਨਗਰ ਕੀਰਤਨ ਵਿਚ ਗੀਤਕਾਰਾਂ ਦੇ ਸ਼ਬਦ ਚਲਾਏ ਗਏ ਤਾਂ ਸਿੱਖ ਸਦਭਾਵਨਾ ਦਲ ਬਾਈਕਾਟ ਕਰੇਗੀ।

ਭਾਈ ਵਡਾਲਾ ਨੇ ਦੋਸ਼ ਲਗਾਉਂਦਿਆਂ ਆਖਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਅਦਾਰੇ ਜਿਨ੍ਹਾਂ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅਸਿੱਧੇ ਤੌਰ 'ਤੇ ਕਬਜ਼ਾ ਹੈ, ਦਾ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ 550 ਸਾਲਾ ਪ੍ਰਕਾਸ ਪੁਰਬ ਦੀ ਆੜ ਵਿਚ ਗੰਧਲਾ ਪੰਜਾਬੀ ਸਭਿਆਚਾਰ ਪਰੋਸਿਆ ਜਾਵੇ ਤਾਂ ਜੋ ਆਮ ਸਿੱਖ ਅਜਿਹੇ ਗੁਰਮਤਿ ਵਿਰੋਧੀ ਕੰਮਾਂ ਨੂੰ ਗੁਰਮਤਿ ਹੀ ਸਮਝਣ ਲੱਗ ਪੈਣ ਅਤੇ ਨਰੈਣੂ ਸੋਚ ਦੇ ਧਾਰਨੀਆਂ ਦੀਆਂ ਦੁਕਾਨਾਂ ਹਮੇਸ਼ਾ ਲਈ ਚੱਲਦੀਆਂ ਰਹਿਣ।

ਭਾਈ ਵਡਾਲਾ ਨੇ ਕਿਹਾ ਕਿ ਸ਼ੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਜਿਥੇ ਭਾਈ ਮਰਦਾਨਾ ਵਲੋਂ ਨਿਭਾਈ ਕੀਰਤਨ ਦੀ ਸੇਵਾ ਨੂੰ ਵਿਸਾਰਦੇ ਹੋਏ ਇਹ ਪ੍ਰਚਾਰ ਕਰ ਰਹੇ ਹਨ ਕਿ ਕੌਮ ਦੇ ਬੱਚਿਆਂ ਨੇ ਜੇਕਰ ਤਰੱਕੀ ਕਰਨੀ ਹੈ ਤਾਂ ਕੀਰਤਨੀਏ ਨਹੀਂ ਸਗੋਂ ਗਾਇਕ ਬਣਨ। ਭਾਈ ਵਡਾਲਾ ਨੇ ਸ਼ੋਮਣੀ ਕਮੇਟੀ ਅੱਗੇ ਵੱਡਾ ਸਵਾਲ ਖੜਾ ਕਰਦਿਆਂ ਕਿਹਾ ਕਿ ਕੀ ਸ਼੍ਰੋਮਣੀ ਕਮੇਟੀ ਕੋਲ ਇੱਕ ਵੀ ਅਜਿਹਾ ਰਾਗੀ ਸਿੰਘ ਨਹੀਂ ਜੋ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਗਾਇਕ ਨਾਲੋਂ ਵਧੀਆ ਗਾ ਸਕਦਾ ਹੋਵੇ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਗਾਇਕ ਤੋਂ ਸ਼ਬਦ ਰਿਲੀਜ਼ ਕਰਵਾ ਕੇ ਸ਼੍ੌਮਣੀ ਰਾਗੀਆਂ ਦੀ ਪ੍ਰਤਿਭਾ ਨੂੰ ਵੀ ਕਟਿਹਰੇ ਵਿਚ ਖੜਾ ਕੀਤਾ ਹੈ। ਉਨ੍ਹਾਂ ਸ਼ੋਮਣੀ ਕਮੇਟੀ ਦੇ ਰਾਗੀ ਸਿੰਘਾਂ ਨੂੰ ਇਸਦਾ ਵਿਰੋਧ ਕਰਨ ਦੀ ਅਪੀਲ ਕੀਤੀ।

ਭਾਈ ਵਡਾਲਾ ਨੇ 25 ਜੁਲਾਈ ਨੂੰ ਗੁਰਦੁਆਰਾ ਅੰਬ ਸਾਹਿਬ ਦੀ ਘਟਨਾ ਨੂੰ ਸਾਂਝੀ ਕਰਦਿਆਂ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ, ਕਰਨਾਟਕ ਤੋਂ ਚੱਲਿਆ ਜੋ 24 ਜੁਲਾਈ ਦੀ ਰਾਤ ਗੁਰਦੁਆਰਾ ਅੰਬ ਸਾਹਿਬ (ਸ਼ਹਿਬਜ਼ਾਦਾ ਅਜੀਤ ਸਿੰਘ ਨਗਰ) ਪੁੱਜਾ ਤੇ 25 ਜੁਲਾਈ ਦੀ ਸਵੇਰ ਜਦੋਂ ਨਗਰ ਕੀਰਤਨ ਦੀ ਅਗਲੇ ਪੜਾਅ ਵੱਲ ਅਰੰਭਤਾ ਹੋਈ ਤਾਂ ਗੁਰਦੁਆਰਾ ਅੰਬ ਸਾਹਿਬ ਦੀ ਹਦੂਦ ਅੰਦਰ ਹੀ ਢੋਲ ਦੀ ਥਾਪ ਤੇ ਬੋਲੀਆਂ ਪਾਈਆਂ ਗਈਆਂ ਅਤੇ ਭੰਗੜਾ ਵੀ ਪਾਇਆ ਗਿਆ। ਸ਼ੋਮਣੀ ਕਮੇਟੀ ਦੇ ਪ੍ਰਬੰਧਕ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਕਿਸੇ ਨੇ ਵੀ ਰੋਕਣ ਦੀ ਖੇਚਲ ਨਹੀਂ ਕੀਤੀ। ਭਾਈ ਵਡਾਲਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ! ਸ਼ੋਮਣੀ ਕਮੇਟੀ ਦੇ ਅਜਿਹੇ ਪ੍ਰਰੋਗਰਾਮਾਂ ਦਾ ਬਾਈਕਾਟ ਕਰੀਏ ਤੇ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਰੋਕਣ ਲਈ ਲਾਮਬੰਦ ਹੋਈਏ। ਜੇਕਰ ਸੁੱਖੀ ਵੱਲੋਂ ਗਾਇਆ ਸ਼ਬਦ ਨਗਰ ਕੀਰਤਨ ਵਿਚ ਚਲਾਇਆ ਤਾਂ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਭਾਈ ਇਕਬਾਲ ਸਿੰਘ 'ਮਨਾਵਾਂ', ਜਥੇਦਾਰ ਗੁਰਵਿੰਦਰ ਸਿੰਘ ਮਾਝਾ ਜ਼ੋਨ, ਭਾਈ ਬਲਵਿੰਦਰ ਫੌਜੀ, ਭਾਈ ਬਲਵਿੰਦਰ ਸਿੰਘ ਮਕਬੂਲ ਪੁਰਾ, ਭਾਈ ਹਰਜੀਤ ਸਿੰਘ, ਭਾਈ ਅਨਮੋਲਦੀਪ ਸਿੰਘ, ਭਾਈ ਦਲਬੀਰ ਸਿੰਘ, ਭਾਈ ਸੁਖਦੇਵ ਸਿੰਘ ਵੈਦ, ਭਾਈ ਅਮਨਪ੍ਰੀਤ ਸਿੰਘ ਆਦਿ ਮੌਜੂਦ ਸਨ।